ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਸ ਨੇ ਕੇਂਦਰੀ ਏਜੰਸੀਆਂ ਤੇ ਰਾਇਲ ਮਲੇਸ਼ੀਆ ਪੁਲਸ ਦੇ ਸਹਿਯੋਗ ਨਾਲ ਪਾਬੰਦੀਸ਼ੁਦਾ ਸੰਗਠਨ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ (KZF) ਨਾਲ ਜੁੜੇ ਦੋ ਮੁਲਜ਼ਮਾਂ ਨੂੰ ਮਲੇਸ਼ੀਆ ਤੋਂ ਡਿਪੋਰਟ ਕਰਵਾ ਕੇ ਉਨ੍ਹਾਂ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੂੰ ਅਗਲੇਰੀ ਜਾਂਚ ਲਈ ਪੰਜਾਬ ਲਿਆਂਦਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਗੁਰਵਿੰਦਰ ਸਿੰਘ ਵਾਸੀ ਅੰਬਾਲਾ ਅਤੇ ਮਨਜੀਤ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈ।

ਡੀ. ਜੀ. ਪੀ. ਨੇ ਦੱਸਿਆ ਕਿ ਇਹ ਦੋਵੇਂ KZF ਨਾਲ ਜੁੜੇ ਅੱਤਵਾਦੀ ਮਾਡਿਊਲ ਨਾਲ ਜੁੜੇ ਹੋਏ ਸਨ। ਪੰਜਾਬ ਪੁਲਸ ਵੱਲੋਂ ਪਹਿਲਾਂ ਹੀ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਹੈ, ਜਿਹੜਾ ਪੰਜਾਬ ਵਿਚ ਰੇਲਵੇ ਲਾਈਨਾਂ 'ਤੇ IED ਬਲਾਸਟ ਕਰਵਾਉਣ ਵਿਚ ਸ਼ਾਮਲ ਸੀ, ਜਿਨ੍ਹਾਂ ਨੇ 23 ਜਨਵਰੀ ਨੂੰ ਸਰਹਿੰਦ ਧਮਾਕਾ ਕੀਤਾ ਸੀ ਤੇ 27 ਅਪ੍ਰੈਲ ਨੂੰ ਪਟਿਆਲਾ ਵਿਚ ਧਮਾਕੇ ਦੀ ਕੋਸ਼ਿਸ਼ ਕੀਤੀ ਸੀ। ਪੁਲਸ ਵੱਲੋਂ ਇਨ੍ਹਾਂ ਮਾਮਲਿਆਂ ਦੀ ਜਾਂਚ ਦੌਰਾਨ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਨ੍ਹਾਂ ਕੋਲੋਂ RPG ਲਾਂਚਰ, IED, RDX, ਹੈਂਡ ਗ੍ਰਨੇਡ ਜਿਹੇ ਖ਼ਤਰਨਾਕ ਹਥਿਆਰ ਬਰਾਮਦ ਕੀਤੇ ਗਏ ਸਨ।
ਗੌਰਵ ਯਾਦਵ ਨੇ ਅੱਗੇ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਖ਼ੁਲਾਸਾ ਹੋਇਆ ਕਿ ਇਸ ਸਭ ਪਿੱਛੇ ਮਲੇਸ਼ੀਆ ਤੋਂ ਕੰਮ ਕਰ ਰਹੇ KZF ਦੇ ਹੈਂਡਲਰਜ਼ ਦਾ ਹੱਥ ਹੈ, ਜੋ ਇਸ ਸਭ ਲਈ ਫੰਡਿੰਗ ਵੀ ਕਰ ਰਹੇ ਸਨ। ਡਿਪੋਰਟ ਕੀਤੇ ਗਏ ਇਹ ਦੋਵੇਂ ਮੁਲਜ਼ਮ ਵਿਦੇਸ਼ੀ ਖਾਤਿਆਂ ਜ਼ੀਰਏ ਪੰਜਾਬ ਵਿਚ ਬੈਠੇ KZF ਦੇ ਕਾਰਕੁੰਨਾਂ ਨੂੰ 'ਅੱਤਵਾਦੀ ਫੰਡਿੰਗ' ਵਿਚ ਮੁੱਖ ਭੂਮਿਕਾ ਨਿਭਾਅ ਰਹੇ ਸਨ, ਤਾਂ ਜੋ ਪੰਜਾਬ ਵਿਚ ਅੱਤਵਾਦੀ ਹਮਲੇ ਕਰਵਾ ਕੇ ਸ਼ਾਂਤੀ ਭੰਗ ਕੀਤੀ ਜਾ ਸਕੇ। ਦੋਹਾਂ ਮੁਲਜ਼ਮਾਂ ਨੂੰ ਪਟਿਆਲਾ ਦੀ ਅਦਾਲਤ ਵਿਚ ਪੇਸ਼ ਕਰ ਕੇ ਪੁੱਛਗਿੱਛ ਲਈ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।