ਝੋਨੇ ਦੇ ਖੇਤ ਸੁੱਕ ਰਹੇ ਹਨ ਪਰ ਭਗਵੰਤ ਮਾਨ ਇਸ਼ਤਿਹਾਰਾਂ ਰਾਹੀਂ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ‘ਚ ਰੁੱਝੇ’

ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਇਸ ਸੀਜ਼ਨ ਦੌਰਾਨ ਖੇਤੀ, ਘਰੇਲੂ ਅਤੇ ਉਦਯੋਗਿਕ ਖੇਤਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਝੂਠੇ ਦਾਅਵੇ ਕਰਨ ਦਾ ਦੋਸ਼ ਲਾਇਆ ਹੈ।

ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਬਿਜਲੀ ਸਪਲਾਈ ਦਾ ਸਵਾਲ ਹੈ, ਝੋਨੇ ਦਾ ਇਹ ਸੀਜ਼ਨ ਸਭ ਤੋਂ ਖਰਾਬ ਸੀਜ਼ਨ ਹੋਣ ਦੀ ਸੰਭਾਵਨਾ ਹੈ। ਕੁਝ ਖੇਤਰਾਂ ਵਿੱਚ ਝੋਨੇ ਦੇ ਖੇਤ ਸੁੱਕ ਰਹੇ ਹਨ ਅਤੇ ਤਰੇੜਾਂ ਪੈ ਰਹੀਆਂ ਹਨ। ਘਰੇਲੂ ਅਤੇ ਉਦਯੋਗਿਕ ਖੇਤਰਾਂ ਦੀ ਵੀ ਇਹੋ ਸਥਿਤੀ ਹੈ। ਬਾਜਵਾ ਨੇ ਕਿਹਾ ਕਿ ‘ਆਪ’ ਸਰਕਾਰ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ‘ਚ ਰੁੱਝੀ ਹੋਈ ਹੈ।

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਅਕਸਰ ਮਸ਼ਹੂਰੀਆਂ ਦੀ ਸਰਕਾਰ ਕਿਹਾ ਜਾਂਦਾ ਹੈ। ਜਿੱਥੇ ਕਿਸਾਨ ਲਗਾਤਾਰ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਕਰ ਰਹੇ ਹਨ, ਉਥੇ ਮਾਨ ਸਰਕਾਰ ਅੰਗਰੇਜ਼ੀ ਭਾਸ਼ਾ ਵਿੱਚ ਪੂਰੇ ਪੰਨੇ ਦੇ ਇਸ਼ਤਿਹਾਰਾਂ ਰਾਹੀਂ ਫਸਲੀ ਵਿਭਿੰਨਤਾ ਦਾ ਪ੍ਰਚਾਰ ਕਰ ਰਹੀ ਹੈ।

“ਭਾਵੇਂ ਕਿ ਕਿਸਾਨਾਂ ਦੀ ਨੌਜਵਾਨ ਪੀੜ੍ਹੀ ਪੜ੍ਹੀ-ਲਿਖੀ ਹੈ ਅਤੇ ਅੰਗਰੇਜ਼ੀ ਭਾਸ਼ਾ ਨੂੰ ਸਮਝ ਸਕਦੀ ਹੈ। ਪਰ ਅਜੇ ਵੀ ਜ਼ਿਆਦਾਤਰ ਕਿਸਾਨ ਪੰਜਾਬੀ ਭਾਸ਼ਾ ਤੋਂ ਹੀ ਚੰਗੀ ਤਰ੍ਹਾਂ ਜਾਣੂ ਹਨ। ਇਸ ਲਈ ਅੰਗਰੇਜ਼ੀ ਭਾਸ਼ਾਵਾਂ ਵਿੱਚ ਅਜਿਹੇ ਇਸ਼ਤਿਹਾਰਾਂ ਦੀ ਕੋਈ ਲੋੜ ਨਹੀਂ ਹੈ। ਬਾਜਵਾ ਨੇ ਕਿਹਾ ਕਿ ਇਹੀ ਇਸ਼ਤਿਹਾਰ ਜਿਸ ਵਿੱਚ ਮੁੱਖ ਮੰਤਰੀ ਮਾਨ ਦੀ ਤਸਵੀਰ ਹੈ, ਝੋਨੇ ਤੋਂ ਬਦਲਵੀਂ ਫਸਲ ਵੱਲ ਜਾਣ ਵਾਲੇ ਕਿਸਾਨਾਂ ਨੂੰ 7000 ਰੁਪਏ ਪ੍ਰਤੀ ਏਕੜ ਦੇਣ ਦਾ ਦਾਅਵਾ ਕਰਦਾ ਹੈ।

ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ‘ਆਪ’ ਸਰਕਾਰ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ‘ਤੇ ਮੂੰਗੀ ਦੀ ਫ਼ਸਲ ਦੀ ਖਰੀਦ ਨੂੰ ਯਕੀਨੀ ਬਣਾਉਣ ਵਿੱਚ ਅਸਫਲ ਰਹੀ ਹੈ। ਵਚਨਬੱਧਤਾ ਦੇ ਬਾਵਜੂਦ ‘ਆਪ’ ਸਰਕਾਰ ਪਰਾਲੀ ਪ੍ਰਬੰਧਨ ਲਈ ਨਕਦ ਪ੍ਰੋਤਸਾਹਨ ਨਹੀਂ ਦੇ ਸਕੀ।

ਅਜਿਹੇ ਕਈ ਮੌਕੇ ਆਏ ਹਨ, ਜਿੱਥੇ ‘ਆਪ’ ਸਰਕਾਰ ਨੇ ਖਾਸ ਤੌਰ ‘ਤੇ ਕਿਸਾਨਾਂ ਨੂੰ ਨਿਰਾਸ਼ ਕੀਤਾ ਹੈ। ਅਸੀਂ ਕਿਵੇਂ ਉਮੀਦ ਕਰ ਸਕਦੇ ਹਾਂ ਕਿ ਇਹ ਸਰਕਾਰ ਉਨ੍ਹਾਂ ਕਿਸਾਨਾਂ ਨੂੰ ਪ੍ਰਤੀ ਏਕੜ 7000 ਰੁਪਏ ਪ੍ਰਦਾਨ ਕਰੇਗੀ ਜਿਨ੍ਹਾਂ ਨੇ ਵਿਕਲਪਕ ਫਸਲਾਂ ਦੀ ਚੋਣ ਕੀਤੀ?

ਬਾਜਵਾ ਨੇ ਕਿਹਾ ਕਿ ‘ਆਪ’ ਸਰਕਾਰ ਜ਼ਮੀਨੀ ਪੱਧਰ ‘ਤੇ ਤਨਦੇਹੀ ਨਾਲ ਕੰਮ ਕਰਨ ਦੀ ਬਜਾਏ ਇਨ੍ਹਾਂ ਜਾਅਲੀ ਇਸ਼ਤਿਹਾਰਾਂ ‘ਤੇ ਪੰਜਾਬ ਦੇ ਖਜ਼ਾਨੇ ਨੂੰ ਬਰਬਾਦ ਕਰਨ ‘ਚ ਵਿਸ਼ਵਾਸ ਰੱਖਦੀ ਹੈ।

Comments

No comments yet. Why don’t you start the discussion?

Leave a Reply

Your email address will not be published. Required fields are marked *