ਤਾਇਵਾਨ ਦੇ ਰਾਸ਼ਟਰੀ ਰੱਖਿਆ ਮੰਤਰਾਲੇ ਨੇ ਬੁੱਧਵਾਰ ਸਵੇਰੇ 6 ਵਜੇ ਆਪਣੇ ਸਮੁੰਦਰੀ ਖੇਤਰ ਦੇ ਆਲੇ-ਦੁਆਲੇ ਚੀਨ ਦੇ 6 ਜੰਗੀ ਜਹਾਜ਼ਾਂ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ।
ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੀਆਂ ਹਥਿਆਰਬੰਦ ਫੌਜਾਂ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੀਆਂ ਹਨ ਤੇ ਚੀਨੀ ਕਾਰਵਾਈਆਂ ਦਾ ਕਰਾਰਾ ਜਵਾਬ ਦੇਣ ਲਈ ਤਿਆਰ ਹਨ। ਹਾਲਾਂਕਿ, ਇਸ ਸਮੇਂ ਦੌਰਾਨ ਤਾਇਵਾਨ ਦੇ ਆਲੇ-ਦੁਆਲੇ ਕੋਈ ਚੀਨੀ ਫ਼ੌਜੀ ਹਵਾਈ ਜਹਾਜ਼ ਨਹੀਂ ਦੇਖਿਆ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਇੱਕ ਦਿਨ ਪਹਿਲਾਂ, ਯਾਨੀ ਮੰਗਲਵਾਰ ਨੂੰ ਵੀ ਇੱਥੇ ਚੀਨ ਦੇ 6 ਜੰਗੀ ਜਹਾਜ਼ ਦੇਖੇ ਗਏ ਸਨ।
ਜ਼ਿਕਰਯੋਗ ਹੈ ਕਿ ਚੀਨ ਅਤੇ ਤਾਇਵਾਨ ਵਿਚਾਲੇ ਚੱਲ ਰਿਹਾ ਇਹ ਵਿਵਾਦ ਕਾਫ਼ੀ ਪੁਰਾਣਾ ਅਤੇ ਗੁੰਝਲਦਾਰ ਹੈ। ਚੀਨ ਲਗਾਤਾਰ ਦਾਅਵੇ ਕਰਦਾ ਆ ਰਿਹਾ ਹੈ ਕਿ ਤਾਇਵਾਨ ਉਸ ਦਾ ਹੀ ਇੱਕ ਅਟੁੱਟ ਹਿੱਸਾ ਹੈ। ਇਹ ਵਿਵਾਦ 1683 'ਚ ਚਿੰਗ ਰਾਜਵੰਸ਼ ਦੇ ਸਮੇਂ ਤੋਂ ਸ਼ੁਰੂ ਹੋਇਆ ਸੀ, ਜਦੋਂ ਚੀਨ ਨੇ ਇਸ ਟਾਪੂ 'ਤੇ ਕਬਜ਼ਾ ਕੀਤਾ ਸੀ। ਦੂਜੇ ਪਾਸੇ, ਤਾਇਵਾਨ ਖ਼ੁਦ ਨੂੰ ਇਕ ਆਜ਼ਾਦ ਦੇਸ਼ ਮੰਨਦਾ ਹੈ, ਜਿੱਥੇ ਉਸ ਦੀ ਆਪਣੀ ਵੱਖਰੀ ਸਰਕਾਰ, ਫ਼ੌਜ ਅਤੇ ਆਰਥਿਕਤਾ ਹੈ।