ਸੋਮਵਾਰ ਨੂੰ ਖੁੱਲ੍ਹਦੇ ਸਾਰ ਹੀ ਭਾਰਤੀ ਸ਼ੇਅਰ ਮਾਰਕੀਟ ਨੇ ਵੀ ਵੱਡੀ ਛਲਾਂਗ ਮਾਰੀ ਹੈ। ਸੈਂਸੈਕਸ ਖੁੱਲ੍ਹਦੇ ਸਾਰ ਹੀ 1,000 ਅੰਕ ਤੋਂ ਵੀ ਵੱਡਾ ਵਾਧਾ ਲੈ ਕੇ 76,580 ਦੇ ਨੇੜੇ ਟ੍ਰੇਡ ਕਰ ਰਿਹਾ ਹੈ, ਜਦਕਿ ਨਿਫਟੀ ਵੀ 300 ਤੋਂ ਵੱਧ ਅੰਕਾਂ ਦੇ ਉਛਾਲ ਨਾਲ 24,000 ਦੇ ਨੇੜੇ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ-ਇਰਾਨ ਦੀ ਜੰਗ ਕਾਰਨ ਭਾਰਤ ਸਣੇ ਦੁਨੀਆ ਭਰ ਦੀ ਆਰਥਿਕਤਾ ਲੀਹੋਂ ਲਹਿੰਦੀ ਜਾ ਰਹੀ ਸੀ, ਜਿਸ ਕਾਰਨ ਨਿਵੇਸ਼ਕਾਂ 'ਚ ਲਗਾਤਾਰ ਡਰ ਦਾ ਮਾਹੌਲ ਬਣਿਆ ਹੋਇਆ ਸੀ।

ਇਸ ਦਾ ਸਭ ਤੋਂ ਵੱਡਾ ਕਾਰਨ ਹੋਰਮੁਜ਼ ਲਾਂਘੇ ਦਾ ਬੰਦ ਹੋਣਾ ਸੀ, ਜਿਸ ਕਾਰਨ ਦੁਨੀਆ ਭਰ 'ਚ ਤੇਲ-ਗੈਸ ਦੀ ਕਮੀ ਹੋਣ ਕਾਰਨ ਕੀਮਤਾਂ ਅਸਮਾਨੀਂ ਪਹੁੰਚ ਗਈਆਂ ਸਨ।
ਹੁਣ ਸ਼ਾਂਤੀ ਸਮਝੌਤੇ ਦੇ ਐਲਾਨ ਮਗਰੋਂ ਭਾਰਤ ਸਣੇ ਸਾਰੀ ਦੁਨੀਆ ਦੇ ਨਿਵੇਸ਼ਕਾਂ ਨੇ ਸੁੱਖ ਦਾ ਸਾਹ ਲਿਆ ਹੈ, ਜਿਸ ਕਾਰਨ ਬਾਜ਼ਾਰ 'ਚ ਮੁੜ ਰੌਣਕ ਪਰਤ ਆਈ ਹੈ। ਜੰਗਬੰਦੀ ਦੇ ਐਲਾਨ ਦਾ ਅਸਰ ਪਹਿਲੇ ਹੀ ਦਿਨ ਦੁਨੀਆ ਭਰ ਦੇ ਬਾਜ਼ਾਰਾਂ 'ਚ ਦੇਖਣ ਨੂੰ ਮਿਲਿਆ ਹੈ। ਹੁਣ ਦੇਖਣਾ ਹੋਵੇਗਾ ਕਿ ਬਾਜ਼ਾਰ ਦੀ ਇਹ ਸਥਿਰਤਾ ਕਦੋਂ ਤੱਕ ਬਣੀ ਰਹਿੰਦੀ ਹੈ। ਦੋਵੇਂ ਧਿਰਾਂ ਆਪਣੀ ਜ਼ੁਬਾਨ 'ਤੇ ਕਾਇਮ ਰਹਿੰਦੀਆਂ ਹਨ ਜਾਂ ਦੁਬਾਰਾ ਹਮਲੇ ਸ਼ੁਰੂ ਹੋ ਜਾਣਗੇ।