ਇਸ ਦੁਖਦਾਈ ਘਟਨਾ ਨਾਲ ਪੁਲਸ ਵਿਭਾਗ ਅਤੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇੰਸਪੈਕਟਰ ਬੇਅੰਤ ਕੌਰ ਆਪਣੀ ਕਾਰ ਰਾਹੀਂ ਡਿਊਟੀ ‘ਤੇ ਜਾ ਰਹੇ ਸਨ। ਇਸ ਦੌਰਾਨ ਗੁਰਦੁਆਰਾ ਤਿੱਤਰਸਰ ਸਾਹਿਬ ਨੇੜੇ ਉਨ੍ਹਾਂ ਦੀ ਕਾਰ ਦੀ ਤੂੜੀ ਨਾਲ ਭਰੀ ਟਰੈਕਟਰ-ਟਰਾਲੀ ਨਾਲ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇੰਸਪੈਕਟਰ ਬੇਅੰਤ ਕੌਰ ਇਸ ਸਮੇਂ ਮਹਿਲਾ ਪੁਲਸ ਥਾਣਾ ਮਾਨਸਾ ਵਿਖੇ ਐੱਸ. ਐੱਚ. ਓ. ਵਜੋਂ ਤਾਇਨਾਤ ਸਨ। ਉਹ ਮੂਲ ਰੂਪ 'ਚ ਪਿੰਡ ਜੰਗੀਰਾਣਾ ਨਾਲ ਸਬੰਧਿਤ ਸਨ ਅਤੇ ਉਨ੍ਹਾਂ ਦਾ ਵਿਆਹ ਪਿੰਡ ਮਾਈਸਰਖਾਨਾ 'ਚ ਹੋਇਆ ਹੋਇਆ ਸੀ। ਆਪਣੇ ਪਿੱਛੇ ਉਹ ਪਤੀ ਅਤੇ ਦੋ ਛੋਟੇ ਬੱਚੇ ਛੱਡ ਗਏ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੋੜ ਦੀ ਪੁਲਸ ਟੀਮ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਭੇਜ ਦਿੱਤਾ। ਪੁਲਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇੰਸਪੈਕਟਰ ਬੇਅੰਤ ਕੌਰ ਦੇ ਦਿਹਾਂਤ ਦੀ ਖ਼ਬਰ ਮਿਲਦੇ ਹੀ ਪੁਲਸ ਅਧਿਕਾਰੀਆਂ, ਸਹਿਕਰਮੀਆਂ ਅਤੇ ਜਾਣ-ਪਛਾਣ ਵਾਲਿਆਂ 'ਚ ਡੂੰਘਾ ਦੁੱਖ ਪਾਇਆ ਜਾ ਰਿਹਾ ਹੈ। ਇੱਕ ਮਿਹਨਤੀ ਅਤੇ ਫਰਜ਼ ਨਿਭਾਉਣ ਵਾਲੀ ਅਧਿਕਾਰੀ ਦੀ ਅਚਾਨਕ ਮੌਤ ਨੂੰ ਪੁਲਸ ਮਹਿਕਮੇ ਲਈ ਵੱਡਾ ਘਾਟਾ ਮੰਨਿਆ ਜਾ ਰਿਹਾ ਹੈ।