ਨਾਇਬ ਸਿੰਘ ਸੈਣੀ ਨੇ ਸਪਸ਼ਟ ਕੀਤਾ ਕਿ ਪੰਜਾਬ ਦਾ ਮੁੱਖ ਮੰਤਰੀ ਪੰਜਾਬੀ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਟਿਕਟਾਂ ਵੀ ਪੰਜਾਬੀਆਂ ਨੂੰ ਹੀ ਦਿੱਤੀਆਂ ਜਾਣਗੀਆਂ ਤੇ ਮੁੱਖ ਮੰਤਰੀ ਵੀ ਪੰਜਾਬ ਤੋਂ ਹੀ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਭਾਜਪਾ ਦੀ 'ਡਬਲ ਇੰਜਣ' ਸਰਕਾਰ ਬਣਨ 'ਤੇ ਸੂਬੇ ਨੂੰ ਮੁੜ ਤੋਂ ਨੰਬਰ 1 ਬਣਾਇਆ ਜਾਵੇਗਾ।
ਵਿਰੋਧੀਆਂ ਵੱਲੋਂ ਪੰਜਾਬ ਵਿਚ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਭਾਜਪਾ ਵਿਚ ਸ਼ਾਮਲ ਕੀਤੇ ਜਾਣ 'ਤੇ ਕੀਤੀ ਬਿਆਨਬਾਜ਼ੀ ਦਾ ਜਵਾਬ ਦਿੰਦਿਆਂ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡੀ ਪਾਰਟੀ ਸਭ ਤੋਂ ਵੱਡੀ ਲੋਕਤੰਤਰਕ ਪਾਰਟੀ ਹੈ। ਜੇਕਰ ਕੋਈ ਸਾਡੀ ਪਾਰਟੀ ਵਿਚ ਸ਼ਾਮਲ ਹੋਣਾ ਚਾਹੁੰਦਾ ਹੈ ਤਾਂ ਅਸੀਂ ਉਸ ਦਾ ਸਵਾਗਤ ਕਰਦੇ ਹਾਂ। ਵਿਰੋਧੀ ਹਰ ਗੱਲ 'ਤੇ ਹੀ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਇੰਟਰਵਿਊ ਦੌਰਾਨ ਨਾਇਬ ਸਿੰਘ ਸੈਣੀ ਨੇ ਸੂਬੇ ਦੀ ਸਿਆਸਤ ਨੂੰ ਲੈ ਕੇ ਹੋਰ ਵੀ ਕਈ ਅਹਿਮ ਪਹਿਲੂਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਹੈ।