ਨਿਯਮਾਂ ਮੁਤਾਬਕ ਘਰੇਲੂ ਖ਼ਪਤਕਾਰਾਂ ਨੂੰ 2 ਮਹੀਨਿਆਂ 'ਚ 600 ਯੂਨਿਟ ਬਿਜਲੀ ਮੁਫ਼ਤ ਮਿਲਦੀ ਹੈ। ਜੇਕਰ ਹੜਤਾਲ ਲੰਬੀ ਚੱਲੀ ਅਤੇ ਰੀਡਿੰਗ ਇਕੱਠੀ ਲਈ ਗਈ ਤਾਂ ਖ਼ਪਤ 600 ਯੂਨਿਟ ਤੋਂ ਟੱਪ ਸਕਦੀ ਹੈ, ਜਿਸ ਨਾਲ ਮੁਫ਼ਤ ਬਿਜਲੀ ਦੀ ਸਹੂਲਤ ਖ਼ਤਮ ਹੋ ਜਾਵੇਗੀ ਅਤੇ ਲੋਕਾਂ ਨੂੰ ਭਾਰੀ ਬਿੱਲ ਭਰਨੇ ਪੈਣਗੇ।
ਪਾਵਰਕਾਮ ਵੱਲੋਂ ਖ਼ਪਤਕਾਰਾਂ ਨੂੰ ਐਵਰੇਜ ਬਿੱਲ ਭੇਜੇ ਜਾ ਰਹੇ ਹਨ, ਜੋ ਕਿ ਅਸਲ ਖ਼ਪਤ ਨਾਲੋਂ ਜਾਂ ਤਾਂ ਬਹੁਤ ਘੱਟ ਹਨ ਜਾਂ ਬਹੁਤ ਜ਼ਿਆਦਾ। ਇਸ ਕਾਰਨ ਲੋਕ ਮੀਟਰਾਂ ਦੀਆਂ ਫੋਟੋਆਂ ਅਤੇ ਵੀਡੀਓਜ਼ ਲੈ ਕੇ ਬਿੱਲ ਠੀਕ ਕਰਵਾਉਣ ਲਈ ਪਾਵਰਕਾਮ ਦੇ ਦਫ਼ਤਰਾਂ ਦੇ ਚੱਕਰ ਕੱਟਣ ਲਈ ਮਜਬੂਰ ਹਨ। ਬਿੱਲ ਜਾਰੀ ਨਾ ਹੋਣ ਕਾਰਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦਾ ਕਰੋੜਾਂ ਰੁਪਏ ਦਾ ਰੈਵੇਨਿਊ ਰੁਕ ਗਿਆ ਹੈ। ਪੰਜਾਬ ਭਰ ਦੇ ਕਰੀਬ 2500 ਮੀਟਰ ਰੀਡਰ 15 ਮਈ ਤੋਂ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਹਨ। 15 ਜੂਨ ਨੂੰ ਪਾਵਰਕਾਮ ਮੈਨੇਜਮੈਂਟ ਤੇ ਮੁਲਾਜ਼ਮਾਂ ਵਿਚਕਾਰ ਹੋਈ ਬੈਠਕ ਬੇਸਿੱਟਾ ਰਹੀ।
ਮੈਨੇਜਮੈਂਟ ਨੇ ਮੰਗਾਂ ਜਲਦ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਪਰ ਮੁਲਾਜ਼ਮਾਂ ਨੇ ਸਾਫ਼ ਕਰ ਦਿੱਤਾ ਕਿ ਜਦੋਂ ਤੱਕ ਉਨ੍ਹਾਂ ਨੂੰ ਪੱਕਾ ਕਰਨ ਦਾ ਲਿਖਤੀ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ, ਹੜਤਾਲ ਜਾਰੀ ਰਹੇਗੀ। ਪਾਵਰਕਾਮ ਦੇ ਸੁਵਿਧਾ ਕੇਂਦਰਾਂ ’ਚ ਤਾਇਨਾਤ ਟ੍ਰਸਕੋ ਯੂਨੀਅਨ ਦੇ 1500 ਹੋਰ ਮੁਲਾਜ਼ਮ ਵੀ ਪੱਕੇ ਕੀਤੇ ਜਾਣ ਦੀ ਮੰਗ ਨੂੰ ਲੈ ਕੇ 16 ਜੂਨ ਤੋਂ ਹੜਤਾਲ 'ਤੇ ਜਾਣ ਦੀ ਤਿਆਰੀ 'ਚ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਦਾ ਬਿਜਲੀ ਸਿਸਟਮ ਪੂਰੀ ਤਰ੍ਹਾਂ ਪਟੜੀ ਤੋਂ ਉੱਤਰ ਜਾਵੇਗਾ।