World

ਆ ਗਿਆ 6.8 ਤੀਬਰਤਾ ਦਾ ਭੂਚਾਲ ! ਲੋਕਾਂ ਨੂੰ ਘਰ ਛੱਡ ਉੱਚੀਆਂ ਥਾਂਵਾਂ ''ਤੇ ਜਾਣ ਦੀ ਅਪੀਲ, ਇੰਡੋਨੇਸ਼ੀਆ ''ਚ ਦਹਿਸ਼ਤ

aman 16 Jun 2026, 11:42 AM

 'ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ' (NCS) ਦੀ ਜਾਣਕਾਰੀ ਮੁਤਾਬਕ, ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 6.8 ਮਾਪੀ ਗਈ ਹੈ। ਇਹ ਭੂਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ 08:57 ਵਜੇ ਆਇਆ ਅਤੇ ਇਸ ਦਾ ਕੇਂਦਰ ਜ਼ਮੀਨ ਦੇ ਅੰਦਰ 45 ਕਿਲੋਮੀਟਰ ਦੀ ਡੂੰਘਾਈ 'ਤੇ ਸੀ।

ਰਿਪੋਰਟਾਂ ਮੁਤਾਬਕ, ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਕੇਂਦਰੀ ਸੁਲਾਵੇਸੀ ਸੂਬੇ ਅਤੇ ਖ਼ਾਸ ਕਰਕੇ 'ਪਾਲੂ' ਸ਼ਹਿਰ ਬੁਰੀ ਤਰ੍ਹਾਂ ਕੰਬ ਗਏ ਤੇ ਦਹਿਸ਼ਤ ਦੇ ਮਾਹੌਲ 'ਚ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਵੱਲ ਭੱਜਣਾ ਪਿਆ। ਭੂਚਾਲ ਦੇ ਤੇਜ਼ ਝਟਕੇ ਪਾਲੂ, ਸਿਗੀ, ਡੋਂਗਾਲਾ ਅਤੇ ਤੋਜੋ ਉਨਾ-ਉਨਾ ਖੇਤਰਾਂ 'ਚ ਮਹਿਸੂਸ ਕੀਤੇ ਗਏ।

ਸੁਰੱਖਿਆ ਦੇ ਮੱਦੇਨਜ਼ਰ ਅਤੇ ਆਫਟਰ-ਸ਼ੌਕਸ ਜਾਂ ਸੁਨਾਮੀ ਦੇ ਖ਼ਤਰੇ ਨੂੰ ਦੇਖਦੇ ਹੋਏ ਸਮੁੰਦਰੀ ਤੱਟਾਂ ਦੇ ਨੇੜੇ ਰਹਿਣ ਵਾਲੇ ਲੋਕ ਤੁਰੰਤ ਉੱਚੀਆਂ ਤੇ ਸੁਰੱਖਿਅਤ ਥਾਵਾਂ ਵੱਲ ਚਲੇ ਜਾਣ ਦੀ ਅਪੀਲ ਕੀਤੀ ਗਈ ਹੈ। ਹਾਲਾਂਕਿ, ਅਜੇ ਤੱਕ ਕਿਸੇ ਜਾਨੀ ਨੁਕਸਾਨ ਜਾਂ ਇਮਾਰਤਾਂ ਦੇ ਵੱਡੇ ਪੱਧਰ 'ਤੇ ਤਬਾਹ ਹੋਣ ਦੀ ਤੁਰੰਤ ਕੋਈ ਖ਼ਬਰ ਨਹੀਂ ਹੈ।

ਜ਼ਿਕਰਯੋਗ ਹੈ ਕਿ ਇਸੇ ਮਹੀਨੇ ਦੌਰਾਨ ਦੱਖਣੀ-ਪੂਰਬੀ ਏਸ਼ੀਆ ਵਿੱਚ ਇਹ ਦੂਜਾ ਵੱਡਾ ਅਤੇ ਸ਼ਕਤੀਸ਼ਾਲੀ ਭੂਚਾਲ ਹੈ। ਇਸ ਤੋਂ ਪਹਿਲਾਂ 8 ਜੂਨ ਨੂੰ ਗੁਆਂਢੀ ਦੇਸ਼ ਫਿਲੀਪੀਨਜ਼ ਵਿੱਚ 7.8 ਤੀਬਰਤਾ ਦਾ ਬਹੁਤ ਹੀ ਭਿਆਨਕ ਭੂਚਾਲ ਆਇਆ ਸੀ, ਜਿਸ ਕਾਰਨ ਦਰਜਨਾਂ ਲੋਕਾਂ ਦੀ ਜਾਨ ਚਲੀ ਗਈ ਸੀ ਤੇ ਵੱਡੇ ਪੱਧਰ 'ਤੇ ਮਾਲੀ ਨੁਕਸਾਨ ਵੀ ਹੋਇਆ ਸੀ।