ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਅਤੇ ਪੇਸ਼ੇਵਰ ਫਰਜ਼ ਨਿਭਾਉਂਦੇ ਹੋਏ ਵੀ ਆਪਣੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕਦਾ ਹੈ। ਇਸ ਗੱਲ ਨੂੰ ਸਾਬਤ ਕਰਕੇ ਦਿਖਾਇਆ ਹੈ ਅੰਮ੍ਰਿਤਸਰ ਦੀ ਇੱਕ ਸਰਕਾਰੀ ਡਾਕਟਰ ਨੇ, ਜਿਨ੍ਹਾਂ ਨੇ ਮੈਡੀਕਲ ਖੇਤਰ ਵਿੱਚ ਆਪਣੀਆਂ ਸੇਵਾਵਾਂ ਦੇ ਨਾਲ-ਨਾਲ ਗਲੈਮਰ ਦੀ ਦੁਨੀਆ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ।ਪੇਸ਼ੇ ਤੋਂ ਡਾਕਟਰ ਡਾ. ਸ਼ਿਵਾਂਸ਼ੀ ਇਸ ਵੇਲੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜਨਰਲ ਸਰਜਰੀ ਵਿਭਾਗ ਵਿੱਚ ਸੀਨੀਅਰ ਰੈਜ਼ੀਡੈਂਟ ਵਜੋਂ ਸੇਵਾਵਾਂ ਨਿਭਾ ਰਹੀਆਂ ਹਨ। ਮਰੀਜ਼ਾਂ ਦੀ ਦੇਖਭਾਲ, ਸਰਜਰੀ ਵਰਗੀਆਂ ਗੰਭੀਰ ਜ਼ਿੰਮੇਵਾਰੀਆਂ ਤੇ ਲੰਬੇ ਡਿਊਟੀ ਘੰਟਿਆਂ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਸੁਪਨਿਆਂ ਨੂੰ ਜਿਉਂਦਾ ਰੱਖਿਆ ਅਤੇ ‘ਮਿਸਿਜ਼ ਇੰਡੀਆ’ ਮੁਕਾਬਲੇ ਦੇ ਟਾਪ-10 ਵਿੱਚ ਆਪਣੀ ਜਗ੍ਹਾ ਬਣਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।ਡਾ. ਸ਼ਿਵਾਂਸ਼ੀ ਦੇ ਇਸ ਮੁਕਾਮ ''ਤੇ ਪਹੁੰਚਣ ਨਾਲ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਦੀ ਸੱਸ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਨੂੰਹ ਉਤੇ ਬਹੁਤ ਮਾਣ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਦੇ ਵੀ ਡਾ. ਸ਼ਿਵਾਂਸ਼ੀ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਤੋਂ ਨਹੀਂ ਰੋਕਿਆ, ਸਗੋਂ ਹਮੇਸ਼ਾ ਉਨ੍ਹਾਂ ਨੂੰ ਅੱਗੇ ਵਧਣ ਅਤੇ ਆਪਣੀ ਮਨਪਸੰਦ ਮੰਜ਼ਿਲ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ, “ਮੈਨੂੰ ਆਪਣੀ ਧੀ ਵਰਗੀ ਨੂੰਹ ਉਤੇ ਬਹੁਤ ਮਾਣ ਹੈ। ਉਹ ਇੱਕ ਕਾਬਿਲ ਡਾਕਟਰ ਹੈ ਅਤੇ ਹੁਣ ਮਿਸਿਜ਼ ਇੰਡੀਆ ਦੇ ਮੰਚ 'ਤੇ ਵੀ ਆਪਣੀ ਪਛਾਣ ਬਣਾ ਰਹੀ ਹੈ।”
ਡਾ. ਸ਼ਿਵਾਂਸ਼ੀ ਨੇ ਦੱਸਿਆ ਕਿ ‘ਮਿਸਿਜ਼ ਇੰਡੀਆ’ ਦੇ ਟਾਪ-10 ਤੱਕ ਪਹੁੰਚਣਾ ਉਨ੍ਹਾਂ ਲਈ ਮਾਣ ਅਤੇ ਖੁਸ਼ੀ ਦਾ ਪਲ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਆਤਮ-ਵਿਸ਼ਵਾਸ, ਸਖ਼ਤ ਮਿਹਨਤ ਅਤੇ ਸਕਾਰਾਤਮਕ ਸੋਚ ਦੇ ਸਹਾਰੇ ਹਰ ਮਹਿਲਾ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਮੰਚ ਉਨ੍ਹਾਂ ਨੂੰ ਆਪਣੀ ਪ੍ਰਤਿਭਾ, ਸ਼ਖ਼ਸੀਅਤ ਅਤੇ ਮਹਿਲਾ ਸਸ਼ਕਤੀਕਰਨ ਦਾ ਸੰਦੇਸ਼ ਦੇਸ਼ ਭਰ ਤੱਕ ਪਹੁੰਚਾਉਣ ਦਾ ਮੌਕਾ ਦੇ ਰਿਹਾ ਹੈ।
ਉਨ੍ਹਾਂ ਦੱਸਿਆ ਕਿ 12 ਜੁਲਾਈ ਨੂੰ ਜੈਪੁਰ ਵਿੱਚ ਹੋਣ ਵਾਲੇ ‘ਮਿਸਿਜ਼ ਇੰਡੀਆ’ ਦੇ ਗ੍ਰੈਂਡ ਫਿਨਾਲੇ ਲਈ ਉਹ ਇਨ੍ਹਾਂ ਦਿਨਾਂ ਖ਼ਾਸ ਤਿਆਰੀਆਂ ਕਰ ਰਹੀਆਂ ਹਨ। ਆਪਣੀ ਪਰਫਾਰਮੈਂਸ ਨੂੰ ਹੋਰ ਬਿਹਤਰ ਬਣਾਉਣ ਲਈ ਉਹ ਲਗਾਤਾਰ ਅਭਿਆਸ ਕਰ ਰਹੀਆਂ ਹਨ ਅਤੇ ਗ੍ਰੈਂਡ ਫਿਨਾਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਖਿਤਾਬ ਆਪਣੇ ਨਾਮ ਕਰਨ ਦਾ ਟੀਚਾ ਰੱਖਦੀਆਂ ਹਨ।
ਡਾ. ਸ਼ਿਵਾਂਸ਼ੀ ਦੀ ਇਹ ਉਪਲਬਧੀ ਉਨ੍ਹਾਂ ਮਹਿਲਾਵਾਂ ਲਈ ਪ੍ਰੇਰਣਾ ਹੈ ਜੋ ਪਰਿਵਾਰਕ ਅਤੇ ਪੇਸ਼ੇਵਰ ਜ਼ਿੰਮੇਵਾਰੀਆਂ ਦੇ ਨਾਲ-ਨਾਲ ਆਪਣੇ ਸੁਪਨਿਆਂ ਨੂੰ ਵੀ ਪੂਰਾ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਦੀ ਕਹਾਣੀ ਇਹ ਸਾਬਤ ਕਰਦੀ ਹੈ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਹੁੰਦੀ।