Will there be another lockdown in the country? The situation in Maharashtra, Delhi and Punjab is worrisome

ਭਾਰਤ ’ਚ ਕੋਰੋਨਾ ਵਾਇਰਸ ਨੂੰ ਹੁਣ ਜਿੱਥੇ ਹੁਣ ‘ਖ਼ਤਮ ਹੋ ਗਿਆ’ ਸਮਝਿਆ ਜਾਣ ਲੱਗ ਪਿਆ ਸੀ, ਉਸ ਦੇ ਬਿਲਕੁਲ ਉਲਟ ਇਸ ਦੀ ਲਾਗ ਦੇ ਮਾਮਲੇ ਦੋਬਾਰਾ ਵਧਣ ਲੱਗ ਪਏ ਹਨ। ਪਿਛਲੇ ਸਾਲ 11 ਮਾਰਚ ਨੂੰ ‘ਵਿਸ਼ਵ ਸਿਹਤ ਸੰਗਠਨ’ (WHO) ਨੇ ਕੋਰੋਨਾ ਨੂੰ ਵਿਸ਼ਵ ਮਹਾਮਾਰੀ ਮੰਨਿਆ ਸੀ। ਹੁਣ ਹਾਲਾਤ ਪਿਛਲੇ ਸਾਲ ਵਰਗੇ ਹੀ ਹੁੰਦੇ ਜਾ ਰਹੇ ਹਨ।ਕੱਲ੍ਹ ਦੇਸ਼ ਵਿੱਚ ਕੋਰੋਨਾ ਦੇ 22 ਹਜ਼ਾਰ 854 ਨਵੇਂ ਮਾਮਲੇ ਦਰਜ ਕੀਤੇ ਗਏ ਸਨ। ਇਨ੍ਹਾਂ ’ਚੋਂ 85% ਮਾਮਲੇ ਪੰਜਾਬ, ਮਹਾਰਾਸ਼ਟਰ, ਦਿੱਲੀ, ਹਰਿਆਣਾ, ਮੱਧ ਪ੍ਰਦੇਸ਼, ਗੁਜਰਾਤ, ਕਰਨਾਟਕ ਤੇ ਤਾਮਿਲਨਾਡੂ ’ਚ ਦਰਜ ਕੀਤੇ ਗਏ। ਪੰਜਾਬ ’ਚ 24 ਘੰਟਿਆਂ ਦੌਰਾਨ 1,700 ਨਵੇਂ ਮਾਮਲੇ ਸਾਹਮਣੇ ਆਏ। ਪੰਜਾਬ ਦੇ ਛੇ ਜ਼ਿਲ੍ਹਿਆਂ ਨਵਾਂਸ਼ਹਿਰ, ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਪਟਿਆਲਾ ਤੇ ਲੁਧਿਆਣਾ ’ਚ ਰਾਤ ਦਾ ਕਰਫ਼ਿਊ ਲਾ ਦਿੱਤਾ ਗਿਆ ਹੈ।ਮਹਾਰਾਸ਼ਟਰ ’ਚ ਬੁੱਧਵਾਰ ਨੂੰ ਕੋਰੋਨਾ ਦੇ 13 ਹਜ਼ਾਰ 659 ਨਵੇਂ ਮਾਮਲੇ ਦਰਜ ਕੀਤੇ ਗਏ, ਜੋ ਪਿਛਲੇ ਪੰਜ ਮਹੀਨਿਆਂ ’ਚ ਸਭ ਤੋਂ ਵੱਧ ਹਨ। ਦਿੱਲੀ ’ਚ ਕੋਰੋਨਾ ਦੇ 409 ਨਵੇਂ ਮਾਮਲੇ ਸਾਹਮਣੇ ਆਏ, ਜੋ ਪਿਛਲੇ ਦੋ ਮਹੀਨਿਆਂ ’ਚ ਇੱਕ ਦਿਨ ਦਾ ਸਭ ਤੋਂ ਵੱਡਾ ਅੰਕੜਾ ਹੈ।ਸਿਹਤ ਮੰਤਰਾਲੇ ਅਨੁਸਾਰ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਵਧਣ ਪਿੱਛੇ ਲੋਕਾਂ ਦੀ ਲਾਪ੍ਰਵਾਹੀ, ਟੈਸਟਿੰਗ ਦੀ ਘਾਟ ਤੇ ਭੀੜ-ਭੜੱਕਿਆਂ ਵਾਲੇ ਪ੍ਰੋਗਰਾਮਾਂ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਹੈ। ਮਹਾਰਾਸ਼ਟਰ ’ਚ ਕੋਰੋਨਾ ਦੇ ਵਧਦੇ ਅੰਕੜਿਆਂ ਕਾਰਣ ਵੱਖੋ-ਵੱਖਰੇ ਸ਼ਹਿਰਾਂ ’ਚ ਇੱਕ ਵਾਰ ਫਿਰ ਲੌਕਡਾਊਨ ਤੇ ਸਖ਼ਤੀ
ਦਾ ਦੌਰ ਸ਼ੁਰੂ ਹੋ ਗਿਆ ਹੈ।ਔਰੰਗਾਬਾਦ ਤੇ ਜਲਗਾਓਂ ’ਚ ਮਹਾਰਾਸ਼ਟਰ ਸਰਕਾਰ ਨੇ ਅੰਸ਼ਕ ਲੌਕਡਾਊਨ ਲਾਉਣ ਦਾ ਫ਼ੈਸਲਾ ਕੀਤਾ ਹੈ। ਔਰੰਗਾਬਾਦ ਦੇ ਸੈਲਾਨੀ ਕੇਂਦਰ ਬੰਦ ਕਰ ਦਿੱਤੇ ਗਏ ਹਨ। ਨਾਗਪੁਰ ’ਚ 15 ਮਾਰਚ ਤੋਂ 21 ਮਾਰਚ ਤੱਕ ਅੰਸ਼ਕ ਤੌਰ ਉੱਤੇ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ।