Tractors with truck engines built by farmers, 100 kmph with turbo charge

ਕਿਸਾਨਾਂ ਵੱਲੋਂ 26 ਜਨਵਰੀ ਨੂੰ ਟਰੈਕਟਰ ਪਰੇਡ ਦਾ ਐਲਾਨ ਕੀਤਾ ਹੋਇਆ ਹੈ। ਦੇਸ਼ ਭਰ ਤੋਂ ਕਿਸਾਨਾਂ ਨੂੰ ਆਪਣੇ ਟਰੈਕਟਰ ਲੈ ਕੇ ਇਸ ਪਰੇਡ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਬਾਅਦ ਵੱਡੀ ਗਿਣਤੀ ‘ਚ ਪੰਜਾਬ ਤੋਂ ਲੋਕ ਜਥਿਆਂ ‘ਚ ਆਪਣੇ ਟਰੈਕਟਰ ਲੈ ਕੇ ਦਿੱਲੀ ਪਹੁੰਚ ਰਹੇ ਹਨ।ਇਸ ਦੇ ਚੱਲਦਿਆਂ ਪੁਰਾਣੇ ਟਰੈਕਟਰਾਂ ਵੀ ਨਵਾਂ ਰੂਪ ਮਿਲ ਗਿਆ ਹੈ। ਨੌਜਵਾਨ ਟਰੈਕਟਰ ਮੋਡੀਫਾਈ ਕਰਕੇ ਦਿੱਲੀ ਪਹੁੰਚ ਰਹੇ ਹਨ। ਬਹੁਤੇ ਟਰੈਕਟਰ ਇਨ੍ਹਾਂ ‘ਚੋਂ ਅਜਿਹੇ ਸੀ, ਜੋ ਕਈ ਸਾਲਾਂ ਤੋਂ ਕੰਡਮ ਪਏ ਸੀ। ਨੌਜਵਾਨ ਇਨ੍ਹਾਂ ‘ਤੇ 1 ਤੋਂ 25 ਲੱਖ ਰੁਪਏ ਤੱਕ ਦਾ ਖਰਚਾ ਕਰਕੇ ਮੋਡੀਫਾਈ ਕਰਾਕੇ ਦਿੱਲੀ ਪਹੁੰਚ ਰਹੇ ਹਨ
ਹਾਸਲ ਰਿਪੋਰਟਾਂ ਮੁਤਾਬਕ ਬਹੁਤ ਸਾਰੇ ਕਿਸਾਨਾਂ ਨੇ 26 ਜਨਵਰੀ ਨੂੰ ਹੋਣ ਵਾਲੇ ਕਿਸਾਨ ਪਰੇਡ ‘ਚ ਹਿੱਸਾ ਲੈਣ ਲਈ ਟਰੈਕਟਰਾਂ ‘ਚ ਕਈ ਤਬਦੀਲੀਆਂ ਕੀਤੀਆਂ ਹਨ। 60 ਹਾਰਸ ਪਾਵਰ ਦੇ ਇੰਜਨ ਦੀ ਸਮਰੱਥਾ ਵਧਾ ਕੇ 90 ਹਾਰਸ ਪਾਵਰ ਕਰ ਦਿੱਤੀ ਗਈ ਹੈ। ਇਸ ਨਾਲ ਟਰੈਕਟਰ ਕਾਰ ਦੀ ਸਪੀਡ ਨਾਲ ਸੜਕ ‘ਤੇ ਦੌੜ ਸਕਦਾ ਹੈ। ਇੰਨਾ ਹੀ ਨਹੀਂ, ਕਾਰ, ਰੇਂਜ-ਰੋਵਰ ਤੇ ਫਾਰਚੂਨਰ ਦੇ ਪਿਛਲੇ ਹਿੱਸੇ ਵਿੱਚ ਹੁੱਕ ਲਾ ਕੇ ਟਰਾਲੀਆਂ ਨੂੰ ਖਿੱਚ ਕੇ ਦਿੱਲੀ ਜਾ ਰਹੇ ਹਨ।ਜਲੰਧਰ ਵਿੱਚ ਮੋਡੀਫਾਈ ਦਾ ਕੰਮ ਕਰਨ ਵਾਲੇ ਟੀਐਸ ਫੈਬਰੀਕੇਟਰ ਦੇ ਮਾਲਕ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਕਿਸਾਨ ਅੰਦੋਲਨ ਵਿੱਚ 100 ਤੋਂ ਵੱਧ ਵਾਹਨ ਤੇ ਟਰਾਲੀਆਂ ਮੋਡੀਫਾਈ ਕੀਤੀਆਂ ਗਈਆਂ ਹਨ। ਦੋ ਮਹੀਨੇ ਪਹਿਲਾਂ ਇੱਕ ਐਨਆਰਆਈ ਨੇ 25 ਲੱਖ ਰੁਪਏ ਦੀ ਲਾਗਤ ਨਾਲ ਟਰੈਕਟਰ ਤੇ ਟਰਾਲੀ ਨੂੰ ਮੋਡੀਫਾਈ ਕਰਵਾਇਆ ਸੀ। ਇਸ ਤੋਂ ਪਹਿਲਾਂ ਵੀ ਕਿਸਾਨ ਨੇ 21 ਲੱਖ ਰੁਪਏ ਖਰਚ ਕਰਕੇ ਟਰਾਲੀ ਤਿਆਰ ਕੀਤੀ ਸੀ।ਕਿਸਾਨ ਲੀਡਰਾਂ ਨੇ ਦੱਸਿਆ ਕਿ ਬਹੁਤ ਸਾਰੇ ਕਿਸਾਨਾਂ ਨੇ ਟਰਾਲੀਆਂ ਵਿੱਚ ਮੋਬਾਈਲ ਤੇ ਲੈਪਟਾਪ ਚਾਰਜ ਕਰਨ ਲਈ ਉਪਕਰਨ ਲਵਾਏ ਹਨ। ਰਾਤ ਨੂੰ ਲਾਈਟਾਂ ਦਾ ਪ੍ਰਬੰਧ ਰਹੇ, ਇਸ ਦੇ ਲਈ ਉਨ੍ਹਾਂ ਇਨਵਰਟਰ ਦਾ ਪ੍ਰਬੰਧ ਵੀ ਕਰਵਾਇਆ ਹੈ। ਬਹੁਤ ਸਾਰੇ ਕਿਸਾਨਾਂ ਨੇ ਇਹ ਸਭ ਇਸ ਲਈ ਕਰਵਾਇਆ ਹੈ ਕਿਉਂਕਿ ਪਤਾ ਨਹੀਂ ਹੋਰ ਕਿੰਨੇ ਦਿਨ ਅੰਦੋਲਨ ‘ਚ ਲੱਗਣ।ਇਸ ਤੋਂ ਇਲਾਵਾ ਟਰੈਕਟਰਾਂ ਉੱਪਰ ਲੋਹੇ ਦੇ ਵੱਡ-ਵੱਡੇ ਬੰਪਰ ਲਾਏ ਗਏ ਹਨ। ਟਰੈਕਟਰਾਂ ਨੂੰ ਬਖਤਰਬੰਦ ਵੀ ਕਰਵਾਇਆ ਗਿਆ ਹੈ ਤਾਂ ਜੋ ਪਾਣੀ ਦੀਆਂ ਬੁਛਾੜਾਂ ਜਾਂ ਅੱਥਰੂ ਗੈਸ ਦੇ ਗੋਲਿਆਂ ਦਾ ਕੋਈ ਅਸਰ ਨਾ ਹੋਵੇ। ਕਈ ਟਰੈਕਟਰਾਂ ਵਿੱਚ ਟਰੱਕਾਂ ਦੇ ਇੰਜਣ ਲਾਏ ਗਏ ਹਨ। ਇਸ ਤੋਂ ਇਲਾਵਾ ਟਰਬੋ ਚਾਰਜ਼ਡ ਵੀ ਲਾਏ ਗਏ ਹਨ ਜਿਸ ਨਾਲ ਟਰੈਕਟਰਾਂ ਦੀ ਤਾਕਤ ਕਈ ਗੁਣਾ ਵਧ ਜਾਂਦੀ ਹੈ। ਇਹ ਟਰੈਕਟਰ 100 ਕਿਲੋਮੀਟਰ ਦੀ ਸਪੀਡ ਉਪਰ ਦੌੜ ਸਕਦੇ ਹਨ।