Surrey ਦੇ 6 ਸਕੂਲਾਂ ਵਿਚ ਪੰਜਾਬੀ ਦੀ ਪੜਾਈ ਨੂੰ ਤਰਜੀਹ | Panjabi Language in Surrey Schools | Surkhab TV

ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਲੋਕਾਂ ਲਈ ਵੱਡੀ ਖੁਸ਼ਖਬਰੀ ਦੀ ਖਬਰ ਹੈ ਜੋ ਪੰਜਾਬੀਆਂ ਦੇ ਦੂਜੇ ਦੇਸ਼ ਵਜੋਂ ਜਾਂਦੇ ਜਾਂਦੇ ਕਨੇਡਾ ਤੋਂ ਆਈ ਹੈ। ਕੈਨੇਡਾ ਦੇ ਇਤਿਹਾਸ ਵਿਚ ਪਹਿਲੇ ਪੰਜਾਬੀ ਵਿਧਾਇਕ ਵਜੋਂ ਆਪਣਾ ਨਾਂਅ ਸੁਨਹਿਰੀ ਅੱਖਰਾਂ ਵਿਚ ਲਿਖਵਾਉਣ ਵਾਲੇ ਮਨਮੋਹਣ ਸਿੰਘ ਮੋਅ ਸਹੋਤਾ ਦੇ ਅਣਥੱਕ ਯਤਨਾਂ ਸਦਕਾ ਸੰਨ 1996 ਵਿਚ ਬਿ੍ਟਿਸ਼ ਕੋਲੰਬੀਆ ਸੂਬੇ ਵਿਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਸੀ ਪਰ ਕਲਾਸ ਵਿਚ 25 ਵਿਦਿਆਰਥੀਆਂ ਦੇ ਹੋਣ ਦੀ ਸ਼ਰਤ ਕਾਰਨ ਬਹੁਤੇ ਵਿਦਿਆਰਥੀ ਸਰਕਾਰੀ ਸਕੂਲਾਂ ਵਿਚ ਪੰਜਾਬੀ ਪੜ੍ਹਨ ਤੋਂ ਅਸਮਰੱਥ ਰਹਿ ਜਾਂਦੇ ਹਨ। ਹੁਣ ਫਿਰ ਸਰੀ ਦੇ 6 ਸਰਕਾਰੀ ਐਲਮੈਂਟਰੀ ਸਕੂਲਾਂ ਨੇ ਦੂਜੀ ਭਾਸ਼ਾ ਵਜੋਂ ਪੰਜਾਬੀ ਪੜ੍ਹਨ ਦੀ ਪੇਸ਼ਕਸ਼ ਕੀਤੀ ਹੈ। ਬੀਤੇ 25 ਸਾਲਾਂ ਤੋਂ ਬਿ੍ਟਿਸ਼ ਕੋਲੰਬੀਆ ‘ਚ ਪੰਜਾਬੀ ਦੀ ਪ੍ਰਫੁੱਲਤਾ ਵਾਸਤੇ ਅਹਿਮ ਯੋਗਦਾਨ ਪਾ ਰਹੀ ਸੰਸਥਾ ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਨੇ ਦੱਸਿਆ ਕਿ ਸਰੀ ਦੇ ਬੀਵਰ ਕਰੀਕ, ਸਟਰਾਅਬੇਰੀ ਹਿੱਲ, ਗਰੀਨ ਟਿੰਬਰਜ਼, ਚਿਮਨੀ ਹਿੱਲ, ਟੀ.ਈ. ਸਕੌਟ ਤੇ ਨਿਊਟਨ ਐਲਮੈਂਟਰੀ ਸਕੂਲ ਦੇ ਪ੍ਰਬੰਧਕਾਂ ਵਲੋਂ ਸਤੰਬਰ ਵਿਚ ਸ਼ੁਰੂ ਹੋਣ ਵਾਲੇ ਸੈਸ਼ਨ ਲਈ ਪੰਜਵੀਂ ਦੇ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਨ ਲਈ ਘਰਾਂ ਵਿਚ ਫਾਰਮ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਸਰੀ ਦੇ 6 ਸਰਕਾਰੀ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਚੱਲ ਰਹੀ ਹੈ ਤੇ 6 ਨੇ ਹੁਣ ਪੇਸ਼ਕਸ਼ ਕੀਤੀ ਹੈ। ਸਰੀ ਸੂਬੇ ਦਾ ਸਭ ਤੋਂ ਵੱਡਾ ਸਕੂਲ ਜ਼ਿਲ੍ਹਾ ਹੈ, ਜਿੱਥੇ ਕੁੱਲ 74 ਹਜ਼ਾਰ ਵਿਦਿਆਰਥੀਆਂ ‘ਚੋਂ 17 ਹਜ਼ਾਰ ਪੰਜਾਬੀ ਮੂਲ ਦੇ ਵਿਦਿਆਰਥੀ ਪੜ੍ਹਦੇ ਹਨ। 5ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਦੂਜੀ ਭਾਸ਼ਾ ਪੜ੍ਹਨੀ ਜ਼ਰੂਰੀ ਹੈ ਤੇ 9ਵੀਂ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਨਿੱਜੀ ਚੋਣ ‘ਤੇ ਛੱਡ ਦਿੱਤਾ ਜਾਂਦਾ ਹੈ ਜਿਹੜੇ ਪੰਜਾਬੀ ਨਹੀਂ ਪੜ੍ਹਦੇ, ਉਹ ਫਰੈਂਚ ਪੜ੍ਹਨ ਲੱਗ ਜਾਂਦੇ ਹਨ।