Sri Darbar Sahib ਦੇ ਲੰਗਰ ਵਿਚ ਜਦੋਂ ਲੰਗਰ ਪਕਾਉਣ ਲਈ ਮੁੱਕ ਗਿਆ ਬਾਲਣ | History Pages

ਗੁਰੂ ਕਾ ਲੰਗਰ : ( ਅੱਖਰੀ , ਲੰਗਰ ਜਾਂ ਗੁਰੂ ਦਾ ਲੰਗਰ ਵਾਲਾ ਕਮਰਾ ) : ਗੁਰੂ ਜੀ ਦੇ ਨਾਂ ‘ ਤੇ ਚਲਾਈ ਜਾ ਰਹੀ ਸਮੂਹ ਜਾਂ ਭਾਈਚਾਰਿਕ ਰਸੋਈ ਹੈ । ਇਹ ਆਮਤੌਰ ‘ ਤੇ ਗੁਰਦੁਆਰੇ ਨਾਲ ਸੰਬੰਧਿਤ ਹੁੰਦੀ ਹੈ । ਲੰਗਰ , ਫ਼ਾਰਸੀ ਦਾ ਸ਼ਬਦ ਹੈ ਜਿਸਦਾ ਅਰਥ ਹੈ ‘ ਦਾਨ ਘਰ` , ਗ਼ਰੀਬ ਅਤੇ ਮੁਥਾਜ ਲਈ ‘ ਠਹਿਰ ਘਰ` , ‘ ਇਕ ਆਮ ਲੰਗਰ ਜਿਹੜਾ ਮਹਾਂਪੁਰਖਾਂ ਦੁਆਰਾ ਆਪਣੇ ਚੇਲਿਆਂ ਅਤੇ ਨਿਰਭਰ ਵਿਅਕਤੀਆਂ , ਪਵਿੱਤਰ ਮਨੁੱਖਾਂ ਅਤੇ ਲੋੜਵੰਦਾਂ ਲਈ ਚਲਾਇਆ ਜਾਂਦਾ ਹੈ । ` ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਲੰਗਰ ਸ਼ਬਦ , ਸੰਸਕ੍ਰਿਤ ਦੇ ਸ਼ਬਦ ‘ ਅਨਲਗ੍ਰਹ` ( ਭੋਜਨ ਤਿਆਰ ਕਰਨ ਦੀ ਜਗ੍ਹਾ ) ਲਈ ਵਰਤਿਆ ਜਾਂਦਾ ਸ਼ਬਦ ਹੈ । ਫ਼ਾਰਸੀ ਵਿਚ ਖ਼ਾਸ ਸ਼ਬਦ ਲੰਗਰ ਸਮਾਨ ਅਰਥਾਂ ਵਿਚ ਵਰਤਿਆ ਗਿਆ ਹੈ । ਇਸ ਸ਼ਬਦ ਦੀ ਵਰਤੋਂ ਤੋਂ ਇਲਾਵਾ ਲੰਗਰ ਦੀ ਸੰਸਥਾ ਫ਼ਾਰਸੀ ਪਰੰਪਰਾ ਵਿਚ ਲੱਭੀ ਜਾ ਸਕਦੀ ਹੈ । 12ਵੀਂ ਅਤੇ 13ਵੀਂ ਸਦੀ ਵਿਚ ਸੂਫ਼ੀਆਂ ਦੇ ਕੇਂਦਰਾਂ ਵਿਚ ਲੰਗਰ ਇਕ ਆਮ ਵਿਸ਼ੇਸ਼ਤਾ ਹੁੰਦੀ ਸੀ । ਅੱਜ ਵੀ ਸੂਫ਼ੀ ਸੰਤਾਂ ਦੀ ਯਾਦ ਵਿਚ ਕੁਝ ਦਰਗਾਹਾਂ ਜਾਂ ਪਵਿੱਤਰ ਸਥਾਨਾਂ ‘ ਤੇ ਲੰਗਰ ਚਲਾਏ ਜਾਂਦੇ ਹਨ , ਜਿਵੇਂ ਅਜਮੇਰ ਵਿਚ ਖ਼ਵਾਜਾ ਮੁਈਨ ਉਦ-ਦੀਨ ਚਿਸ਼ਤੀ ਦਾ ਲੰਗਰ ।
ਸਿੱਖ ਧਰਮ ਵਿਚ , ਲੰਗਰ ਦੀ ਸੰਸਥਾ ਇਸਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਆਪ ਚਲਾਈ ਸੀ । ਸਾਂਝੇ ਲੰਗਰ , ਉਹਨਾਂ ਸੰਗਤਾਂ ਨਾਲ ਹੋਂਦ ਵਿਚ ਆਏ ਜਿਹੜੇ ਗੁਰੂ ( ਨਾਨਕ ) ਜੀ ਦੇ ਸਮੇਂ ਕਈ ਸਥਾਨਾਂ ‘ ਤੇ ਉੱਭਰ ਕੇ ਸਾਮ੍ਹਣੇ ਆਏ ਹੋਏ ਸਨ । ਸਿੱਖ , ਲੰਗਰ ਵਿਚ ਤਿਆਰ ਕੀਤੇ ਭੋਜਨ ਨੂੰ ਵੰਡ ਕੇ ਛਕਣ ਲਈ ਬਿਨਾਂ ਜਾਤ-ਪਾਤ ਜਾਂ ਰੁਤਬੇ ਦੇ ਭੇਦ-ਭਾਵ ਦੇ ਪੰਗਤ ( ਸ਼ਬਦੀ , ਇਕ ਕਤਾਰ ) ਵਿਚ ਬੈਠਦੇ ਸਨ । ਰਸੋਈ ਜਿੱਥੇ ਭੋਜਨ ਪੱਕਦਾ ਸੀ , ‘ ਲੰਗਰ` ਤੋਂ ਭਾਵ ਸੀ ਜਿੱਥੇ ਲੰਗਰ ਲਈ ਰਸਦ ਪਹੁੰਚਾਈ ਜਾਂਦੀ ਸੀ ਅਤੇ ਜਿੱਥੇ ਬੈਠਕੇ ਇਸਨੂੰ ਛਕਿਆ ਜਾਂਦਾ ਸੀ । ਸਿੱਖ ਆਪਣੀਆਂ ਭੇਟਾਵਾਂ ਲਿਆਉਂਦੇ ਸਨ ਅਤੇ ਹੱਥੀਂ ਭੋਜਨ ਬਣਾਉਂਦੇ ਅਤੇ ਛਕਾਉਂਦੇ ਸਨ । ਗੁਰੂ ਨਾਨਕ ਜੀ ਅਤੇ ਇਹਨਾਂ ਦੇ ਉੱਤਰਾਧਿਕਾਰੀਆਂ ਨੇ ਲੰਗਰ ਨੂੰ ਬਹੁਤ ਮਹੱਤਤਾ ਦਿੱਤੀ ਅਤੇ ਇਸ ਤਰ੍ਹਾਂ ਇਹਨਾਂ ਦੇ ਸਮੇਂ ਸਮਾਜ ਸੁਧਾਰ ਦਾ ਇਹ ਇਕ ਤਕੜਾ ਸਾਧਨ ਬਣ ਗਿਆ । ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਪ੍ਰਚਾਰਕ ਉਦਾਸੀਆਂ ਦੇ ਅੰਤ ਵਿਚ ਕਰਤਾਰਪੁਰ ਵਿਚ ਸਥਾਪਿਤ ਕੀਤੀ ਧਰਮਸਾਲਾ ਵਿਚ ਇਸਨੂੰ ਕੇਂਦਰੀ ਸਥਾਨ ਦਿੱਤਾ । ਇਹ ਆਪਣੇ ਖੇਤਾਂ ਵਿਚ ਆਪਣੇ ਆਪ ਲਈ ਅਤੇ ਆਪਣੇ ਪਰਵਾਰ ਦੇ ਨਿਰਬਾਹ ਲਈ ਕੰਮ ਕਰਦੇ ਸਨ ਅਤੇ ਆਪਣਾ ਹਿੱਸਾ ਸਾਂਝੇ ਲੰਗਰ ਲਈ ਦਿੰਦੇ ਸਨ । ਇਹਨਾਂ ਦੇ ਅਜਿਹੇ ਸ਼ਾਗਿਰਦ ਸਨ ਜੋ ਧਰਮਸਾਲਾਵਾਂ ਅਤੇ ਲੰਗਰਾਂ ਨੂੰ ਸਥਾਪਿਤ ਕਰਨ ਦੀ ਸਮਰੱਥਾ ਰੱਖਦੇ ਸਨ । ਇਹਨਾਂ ਵਿਚੋਂ ਸਨ ਸੱਜਣ ਠੱਗ ਜੋ ਕਦੇ ਰੱਬ ਵੱਲੋਂ ਭੁੱਲਿਆ ਸੀ ਅਤੇ ਇਕ ਅਮੀਰ ਆਦਮੀ ਮਲਿਕ ਭਾਗੋ , ਦੋਵੇਂ ਹੀ ਇਹਨਾਂ ਦੇ ਉਪਦੇਸ਼ ਨਾਲ ਬਦਲੇ ਸਨ । ਭੂਮੀਆਂ , ਜੋ ਪਹਿਲਾਂ ਇਕ ਡਾਕੂ ਸੀ , ਨੂੰ ਗੁਰੂ ਨਾਨਕ ਜੀ ਨੇ ਆਪਣੀ ਰਸੋਈ ਨੂੰ ਰੱਬ ਦੇ ਨਾਮ ‘ ਤੇ ਲੰਗਰ ਵਿਚ ਬਦਲਣ ਲਈ ਕਿਹਾ । ਸੰਗਲਾਦੀਪ ( ਸ੍ਰੀਲੰਕਾ ) ਦੇ ਰਾਜਾ ਸ਼ਿਵਨਾਭ ‘ ਤੇ ਇਕ ਸ਼ਰਤ ਲਗਾ ਦਿੱਤੀ ਗਈ ਕਿ ਉਹ ਪਹਿਲਾਂ ਲੰਗਰ ਖੋਲ੍ਹੇ ਫਿਰ ਉਹ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰ ਸਕਦਾ ਹੈ । ਇਹ ਕਿਹਾ ਜਾਂਦਾ ਹੈ ਕਿ ਰਾਜਾ ਖ਼ੁਸ਼ੀ ਨਾਲ ਮੰਨ ਗਿਆ ਸੀ ।