Pakistani ਜਨਰਲ ਨੇ ਆਪਣੀ ਕਿਤਾਬ ਵਿਚ ਕੀਤੀਆਂ ਸਿੱਖਾਂ ਦੀਆਂ ਸਿਫਤਾਂ | General Musa | Surkhab TV

ਆਪਾਂ ਸਭ ਨੇ ਸਾਰਾਗੜੀ ਦੀ ਜੰਗ ਬਾਰੇ ਤਾਂ ਸੁਣਿਆ ਹੀ ਹੈ ਸਾਰਾਗੜ੍ਹੀ ਦੀ ਲੜਾਈ ਉੱਤਰ-ਪੱਛਮੀ ਫਰੰਟੀਅਰ ਸੂਬੇ ‘ਤੇ ਅਫ਼ਗ਼ਾਨਿਸਤਾਨ ਦੀਆਂ ਸਰਹੱਦਾਂ ਲਾਗੇ ਸਾਰਾਗੜ੍ਹੀ ਦੇ ਸਥਾਨ ‘ਤੇ 12 ਸਤੰਬਰ, 1897 ਨੂੰ ਲੜੀ ਗਈ ਸੀ। ਇਹ ਲੜਾਈ ਬ੍ਰਿਟਿਸ਼-ਭਾਰਤੀ ਫੌਜ ਦੀ 36 ਸਿੱਖ ਰੈਜਮੈਂਟ ਜੋ ਹੁਣ 4 ਸਿੱਖ ਰੈਜਮੈਂਟ ਅਖਵਾਉਂਦੀ ਹੈ, ਦੇ 21 ਜਾਂਬਾਜ ਜਵਾਨਾਂ ਤੇ ਅਫ਼ਗ਼ਾਨੀ ਪਠਾਣਾਂ ‘ਤੇ ਅਫ਼ਰੀਦੀ ਕਬਾਇਲੀਆਂ ਵਿਚਕਾਰ ਗਹਿਗੱਚ ਮੁਕਾਬਲੇ ਨਾਲ ਲੜੀ ਗਈ ਸੀ। ਇਸ ਲੜਾਈ ਤੇ ਫ਼ਿਲਮਾਂ ਤੇ ਸੀਰੀਅਲ ਵੀ ਬਣੇ ਹਨ। ਪਰ ਅੱਜ ਅਸੀਂ ਇੱਕ ਹੋਰ ਐਸੀ ਲੜਾਈ ਬਾਰੇ ਦੱਸਣ ਜਾ ਰਹੇ ਜਿਸ ਵਿਚ 25 ਕੁ ਸਿੱਖ ਫੌਜੀਆਂ ਨੇ 300 ਦੀ ਗਿਣਤੀ ਦੀ ਪਾਕਿਸਤਾਨੀ ਫੌਜ ਦਾ ਐਸਾ ਟਾਕਰਾ ਕੀਤਾ ਕਿ ਪਾਕਿਸਤਾਨੀ ਫੌਜ ਨੂੰ ਪਿੱਛੇ ਨੂੰ ਭੱਜਣਾ ਪਿਆ। ਪਾਕਿਸਤਾਨੀ ਫੌਜ ਦੇ ਇੱਕ ਰਿਟਾਇਰਡ ਜਨਰਲ ਮੂਸਾ ਖ਼ਾਨ ਨੇ ਹਿੰਦ-ਪਾਕ ਜੰਗ 1965 ਤੇ ਇੱਕ ਕਿਤਾਬ ਲਿਖੀ ਸੀ MY VERSION INDIA-PAKISTAN WAR 1965 ਜਿਸ ਵਿਚ ਇੱਕ ਥਾਂ ਉਹ ਲਿਖਦੇ ਹਨ ਕਿ ਇਸ ਜੰਗ ਵਿਚ ਮੈਂ ਆਪਣੇ 300 ਦੇ ਕਰੀਬ ਜਵਾਨਾਂ ਨਾਲ ਫਿਰੋਜ਼ਪੁਰ ਦੇ ਇਲਾਕੇ ਵਿਚ ਭਾਰਤ ਵਿਚ ਦਾਖਲ ਹੋਇਆ ਸੀ ਤੇ ਸਾਨੂੰ ਇਹ ਪੱਕੀ ਜਾਣਕਾਰੀ ਸੀ ਕਿ ਇਸ ਇਲਾਕੇ ਦੇ ਰਾਹ ਵਿਚ ਸਿਰਫ 20 ਤੋਂ 25 ਕੁ ਸਿੱਖ ਜਵਾਨਾਂ ਦੀ ਇੱਕ ਬਟਾਲੀਅਨ ਤਾਇਨਾਤ ਹੈ। ਅਸੀਂ ਸੋਚਿਆ ਸੀ ਕਿ ਸਾਡੀ 300 ਜਵਾਨਾਂ ਦੀ ਫੌਜ ਦੇਖਕੇ ਇਹ ਸਿੱਖ ਫੌਜੀ ਆਪਣੀਆਂ ਪੁਜੀਸ਼ਨਾਂ ਛੱਡਕੇ ਭੱਜ ਜਾਣਗੇ ਤੇ ਸਾਡੀ ਫੌਜ ਇਸ ਇਲਾਕੇ ਤੇ ਆਸਾਨੀ ਨਾਲ ਕਬਜ਼ਾ ਕਰ ਲਵੇਗੀ। ਜਨਰਲ ਮੂਸਾ ਖ਼ਾਨ ਲਿਖਦੇ ਹਨ ਕਿ ਅਸੀਂ ਜਦੋਂ 2 ਕਿਲੋਮੀਟਰ ਅੱਗੇ ਗਏ ਤਾਂ ਉਹ ਸਿੱਖ ਫੌਜੀ ਸਾਡੇ ਤੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਲਾ ਕੇ ਭੁੱਖੇ ਸ਼ੇਰਾਂ ਵਾਂਗ ਟੁੱਟ ਪਏ। ਸਾਨੂੰ ਪਤਾ ਨਹੀਂ ਲੱਗਾ ਕਿ ਇੰਨੀਆਂ ਗੋਲੀਆਂ ਕਿਥੋਂ ਆ ਰਹੀਆਂ ਹਨ। ਸਾਨੂੰ ਇੰਝ ਲੱਗਾ ਕਿ ਸਾਨੂੰ ਮਿਲੀ ਜਾਣਕਾਰੀ ਗਲਤ ਹੈ ਕਿ ਅੱਗੇ 20 25 ਸਿੱਖ ਫੌਜੀ ਹਨ ਕਿਉਂਕਿ ਉਹਨਾਂ ਦਾ ਹਮਲਾ ਇਹਨਾਂ ਜਬਰਦਸਤ ਸੀ ਕਿ ਸਾਡੀ ਅਗਲੀ ਕਤਾਰ ਦੇ ਫੌਜੀ ਮੂਧੇ ਮੂੰਹ ਡਿੱਗ ਪਏ। ਉਹ ਸਿੱਖ ਫੌਜੀ ਸਿਰਫ ਜੈਕਾਰੇ ਹੀ ਨਹੀਂ ਸੀ ਲਗਾ ਰਹੇ ਸਗੋਂ ਨਾਲ ਦੀ ਨਾਲ ਸਾਨੂੰ ਲਲਕਾਰ ਵੀ ਰਹੇ ਸਨ ਕਿ ਤੁਸੀਂ ਇਧਰ ਆ ਤਾਂ ਗਏ ਹੋ ਪਰ ਬਚਕੇ ਵਾਪਸ ਨਹੀਂ ਜਾਓਗੇ। ਜਨਰਲ ਮੂਸਾ ਆਪਣੀ ਕਿਤਾਬ ਵਿਚ ਲਿਖਦੇ ਹਨ ਕਿ ਉਹਨਾਂ ਮੁੱਠੀ ਭਰ ਸਿੱਖ ਜਵਾਨਾਂ ਨੇ 6 ਘੰਟੇ ਕੰਧ ਬਣਕੇ ਸਾਨੂੰ 300 ਨੂੰ ਰੋਕੀ ਰੱਖਿਆ ਤੇ ਅਸੀਂ ਇਸ ਪਾਸੇ ਮੂੰਹ ਕਰਕੇ ਪਛਤਾ ਰਹੇ ਸੀ ਕਿਉਂਕਿ ਉਹ 25 ਹੀ ਸਾਡੇ ਤੇ ਭਾਰੂ ਸਨ। ਅੱਗੇ ਉਹ ਲਿਖਦੇ ਹਨ ਕਿ ਭਾਵੇਂ ਉਹ ਸਾਰੇ ਸਿੱਖ ਫੌਜੀ ਸ਼ਹੀਦ ਹੋ ਗਏ ਪਰ ਉਹਨਾਂ ਨੇ ਸਾਨੂੰ ਭਾਰਤ ਵਾਲੇ ਪਾਸੇ ਅੱਗੇ ਵਧਣ ਤੋਂ ਰੋਕ ਦਿੱਤਾ ਤੇ ਸਾਨੂੰ ਮਜਬੂਰ ਹੋ ਕੇ ਵਾਪਸ ਮੁੜਨਾ ਪਿਆ।ਜਨਰਲ ਮੂਸਾ ਲਿਖਦੇ ਹਨ ਕਿ ਪਹਿਲਾਂ ਮੈਨੂੰ ਸਿਖਾਂ ਬਾਰੇ ਨਹੀਂ ਸੀ ਪਤਾ ਪਰ ਇਸ ਘਟਨਾ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਸਿੱਖ ਕਿੰਨੀ ਬਹਾਦਰ ਤੇ ਮਾਰਸ਼ਲ ਕੌਮ ਹੈ। ਸਿੱਖਾਂ ਦੀ ਬਹਾਦਰੀ ਦੇ ਕਿੱਸੇ ਕਿਸੇ ਦੁਸ਼ਮਣ ਦੇ ਮੂੰਹ ਸੁਣਕੇ ਸੱਚਮੁੱਚ ਮਨ ਭਾਵੁਕ ਹੋ ਜਾਂਦਾ ਹੈ ਜਿਨਾਂ ਨੇ ‘ਪੁਰਜਾ ਪੁਰਜਾ ਕੱਟ ਮਰੇ ਪੁਰਜਾ ਪੁਰਜਾ ਕੱਟ ਮਰੇ ਕਬਹੂੰ ਨਾ ਛੋਡੇ ਖੇਤ’ ਦੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਆਪਣੀਆਂ ਜਾਨਾ ਕੁਰਬਾਨ ਕੀਤੀਆਂ। ਪਰ ਉਹ ਗੱਲ ਵੱਖਰੀ ਹੈ ਕਿ ਜਿਸ ਭਾਰਤ ਲਈ ਸਿੱਖਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ,ਉਸ ਭਾਰਤ ਨੇ ਉਹਨਾਂ ਹੀ ਸਿੱਖਾਂ ਦੇ ਸਰਵਉੱਚ ਅਸਥਾਨ ਸ੍ਰੀ ਦਰਬਾਰ ਸਾਹਿਬ ਤੇ ਟੈਂਕਾਂ ਤੋਪ ਚੜਾਕੇ ਢਾਹਿਆ। ਅੱਜ ਦਾ ਮੀਡੀਆ ਸਿੱਖਾਂ ਨੂੰ ਅੱਤਵਾਦੀ ਲਿਖਣ ਲੱਗੇ ਭੋਰਾ ਵਿਸਾਹ ਨਹੀਂ ਖਾਂਦਾ ਪਰ ਜਦੋਂ ਹੀ ਸਿੱਖ ਬਾਰਡਰ ਤੇ ਇਸ ਦੇਸ਼ ਦੀ ਰਾਖੀ ਕਰਦੇ ਤਾਂ ਉਦੋਂ ਇਹਨਾਂ ਦੀਆਂ ਸਿਫਤਾਂ ਦੇ ਪੁਲ ਬਣੱਕੇ ਇਹਨਾਂ ਦੀ ਬਲੀ ਲਈ ਜਾਂਦੀ ਹੈ।