Agriculture

Farmers reached on Petrol Pumps in protest of rising prices of petrol-diesel

ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਪੰਜਾਬ ਇਕਾਈ ‘ਚ ਸ਼ਾਮਿਲ 10 ਕਿਸਾਨ ਜਥੇਬੰਦੀਆਂ ਵੱਲੋਂ ਤੇਲ ਦੀਆਂ ਕੀਮਤਾਂ ਦੇ ਵਾਧੇ ਦੇ ਰੋਸ ਵਜੋਂ ਪੰਜਾਬ ਭਰ ‘ਚ ਤੇਲ-ਪੰਪਾਂ ਸਾਹਮਣੇ ਕੇਂਦਰ ਸਰਕਾਰ ਖ਼ਿਲਾਫ਼ ਰੋਸ-ਮੁਜ਼ਾਹਰੇ ਕੀਤੇ ਗਏ। ਪ੍ਰੈੱਸ ਨੋਟ ਰਾਹੀਂ ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਪੰਜਾਬ ਭਰ ‘ਚ ਸੰਗਰੂਰ, ਪਟਿਆਲਾ, ਮਾਨਸਾ, ਬਠਿੰਡਾ, ਬਰਨਾਲਾ, ਮੋਗਾ, ਮੁਕਤਸਰ, ਅੰਮ੍ਰਿਤਸਰ, ਤਰਨਤਾਰਨ, ਲੁਧਿਆਣਾ, ਫਰੀਦਕੋਟ,ਰੋਪੜ, ਕਪੂਰਥਲਾ, ਹੁਸ਼ਿਆਰਪੁਰ, ਫਿਰੋਜ਼ਪੁਰ, ਜਲੰਧਰ ਵਿੱਚ ਕਰੀਬ 200 ਥਾਵਾਂ ‘ਤੇ ਰੋਸ ਮੁਜ਼ਹਰੇ ਕੀਤੇ ਗਏ।ਆਗੂਆਂ ਨੇ ਕਿਹਾ ਕਿ ਪਿਛਲੇ 22 ਦਿਨਾਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ਦੀਆਂ ਸਭਾ ਹੱਦਾਂ ਬੰਨ੍ਹੇ ਪਾਰ ਕਰ ਦਿੱਤੀਆਂ ਹਨ, ਜਦੋਂ ਕਿ ਕੌਮਾਂਤਰੀ ਮੰਡੀ ‘ਚ ਕੱਚੇ ਤੇਲ ਦੀਆਂ ਕੀਮਤਾਂ ਘਟਣ ਦੇ ਬਾਵਜੂਦ ਮੁਲਕ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ।ਝੋਨੇ ਦੀ ਲਵਾਈ ਮੌਕੇ ਜਦੋਂ ਕਿਸਾਨਾਂ ਨੂੰ ਡੀਜ਼ਲ ਦੀ ਬਹੁਤ ਲੋੜ ਹੈ, ਉਸ ਸਮੇਂ ਕੀਮਤਾਂ ਦੇ ਵਾਧੇ ਨੇ ਕਿਸਾਨੀ ਨੂੰ ਹੋਰ ਲੱਟਿਆ ਹੈ। ਸਰਕਾਰ ਇਹ ਬੇਤੁੱਕੀ ਦਲੀਲ ਦਿੰਦੀ ਹੈ ਕਿ ਡੀਜ਼ਲ ਪੈਟਰੋਲ ਨਾਲੋਂ ਜਿਆਦਾ ਪ੍ਰਦੂਸ਼ਣ ਕਰਦਾ ਹੈ, ਇਸ ਕਰਕੇ ਡੀਜ਼ਲ ਦੀਆਂ ਕੀਮਤਾਂ ਪੈਟਰੋਲ ਤੋਂ ਵੀ ਵਧਾਈਆਂ ਜਾ ਰਹੀਆਂ ਹਨ, ਪਰ ਸਰਕਾਰ ਖੇਤੀਬਾੜੀ ਲਈ ਡੀਜ਼ਲ ਦੀ ਵਰਤੋਂ ਉਪਰ ਸਬਸਿਡੀ ਨਹੀਂ ਦੇ ਰਹੀ।ਕੇਂਦਰ ਸਰਕਾਰ ‘ਤੇ ਕਿਸਾਨੀ ਨੂੰ ਬਰਬਾਦ ਕਰਨ ਦਾ ਦੋਸ਼ ਲਾਉਂਦਿਆਂ ਆਗੂਆਂ ਨੇ ਕਿਹਾ ਕਿ ਕੀਮਤਾਂ ਦਾ ਵਧਣਾ-ਘਟਣਾ ਹਾਕਮ ਜਮਾਤਾਂ ਦੇ ਹੱਥਾਂ ਦੀ ਖ਼ੇਡ ਹੈ। ਨਿੱਜੀਕਰਨ ਦੀਆਂ ਨੀਤੀਆਂ ਤਹਿਤ ਕੰਟਰੋਲ ਮੁਕਤ ਕੀਤੀਆਂ ਪੈਟਰੋਲ ਕੀਮਤਾਂ ਦਿਨੋਂ-ਦਿਨ ਆਮ ਜਨਤਾ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ। ਸਰਕਾਰ ਦੀਆਂ ਨੀਤੀਆਂ ਤਹਿਤ ਹੀ ਹਰੇਕ ਤਬਕਾ ਮਹਿੰਗਾਈ ਤੇ ਲੁੱਟ ਦਾ ਸ਼ਿਕਾਰ ਹੈ।ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਪੈਟਰੋਲ ਕੀਮਤਾਂ ਅਤੇ ਮਹਿੰਗਾਈ ਦੇ ਨਾਂ ‘ਤੇ ਲੋਕਾਂ ਤੋਂ ਵੋਟਾਂ ਮੰਗਣ ਵਾਲੇ ਨਰਿੰਦਰ ਮੋਦੀ ਹੁਣ ਖੁਦ ਕੀਮਤਾਂ ਦੇ ਵਾਧੇ ਦਾ ਅਲੰਬਰਦਾਰ ਹੈ ਤੇ ਇਸ ਵਾਧੇ ਨੂੰ ਵਿਕਾਸ ਦੀ ਚਾਲ ਵਜੋਂ ਪ੍ਰਚਾਰਿਆ ਜਾ ਰਿਹਾ ਹੈ। ਜਥੇਬੰਦੀਆਂ ਵੱਲੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਸਰਕਾਰੀ ਕੰਟਰੋਲ ‘ਚ ਲਿਆਉਣ, ਦੇਸ਼ੀ-ਵਿਦੇਸ਼ੀ ਕੰਪਨੀਆਂ ਦੇ ਮੁਨਾਫ਼ੇ ‘ਤੇ ਨੱਥ ਪਾਉਣ ਦੀ ਮੰਗ ਕੀਤੀ ਗਈ।ਇਸ ਦੌਰਾਨ ਵੱਖ-ਵੱਖ ਥਾਵਾਂ ‘ਤੇ ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਅਜਨਾਲਾ, ਕਿਸਾਨ ਸਭਾ ਪੰਜਾਬ(ਅਜੈ-ਭਵਨ) ਦੇ ਪ੍ਰਧਾਨ ਭੁਪਿੰਦਰ ਸਾਂਬਰ, ਭਾਰਤੀ ਕਿਸਾਨ ਯੂਨੀਅਨ(ਡਕੌਂਦਾ) ਦੇ ਬੂਟਾ ਸਿੰਘ ਬੁਰਜ਼ਗਿੱਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਦਰਸ਼ਨ ਪਾਲ, ਕੁੱਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਮੇਜਰ ਸਿੰਘ ਪੁੰਨਾਂਵਾਲ, ਪੰਜਾਬ ਕਿਸਾਨ ਸਭਾ ਦੇ ਰੁਲਦੂ ਸਿੰਘ ਮਾਨਸਾ, ਕਿਰਤੀ ਕਿਸਾਨ ਯੂਨੀਅਨ ਦੇ ਰਜਿੰਦਰ ਸਿੰਘ , ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਅਤੇ ਜੈ ਕਿਸਾਨ ਅੰਦੋਲਨ ਦੇ ਗੁਰਬਖਸ਼ ਸਿੰਘ ਬਰਨਾਲਾ ਨੇ ਲੋਕਾਂ ਨੂੰ ਸੰਬੋਧਨ ਕੀਤਾ।

Related Articles

Back to top button