Deg Parshad ਬਾਰੇ ਅਹਿਮ ਜਾਣਕਾਰੀ | Health Benefits | Significance | Recipe | Jaspreet Kaur

ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, “ਉਹ ਕੜਾਹ ਜੋ ਮਰਯਾਦਾ ਅਨੁਸਾਰ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਰੱਖ ਕੇ ਅਰਦਾਸ ਉਪਰੰਤ ਕ੍ਰਿਪਾਨ ਭੇਟ ਕਰ ਕੇ ਵਰਤਾਈ ਦਾ ਹੈ, ਉਸ ਨੂੰ ਕੜਾਹ ਪ੍ਰਸ਼ਾਦ ਕਿਹਾ ਜਾਂਦਾ ਹੈ। ਪ੍ਰਸਾਦ ਦੇ ਅਰਥ ਹਨ, ੧. ਖ਼ੁਸ਼ੀ, ਪ੍ਰਸੰਨਤਾ। ੨. ਸੱਵਛਤਾ, ਨਿਰਮਲਤਾ। ੩. ਅਰੋਗਤਾ। ੪. ਦੇਵਤਾ ਨੂੰ ਅਰਪਿਆ ਹੋਇਆ ਖਾਣ ਯੋਗਯ ਪਦਾਰਥ। ੫. ਕਾਵਯ ਦਾ ਇੱਕ ਗੁਣ, ਪਦਾਂ ਦੀ ਜੁਗਤੀ ਸੁੰਦਰ ਅਤੇ ਅਰਥ ਦਾ ਸਪਸ਼ਟ ਹੋਣਾ। ੬. ਕ੍ਰਿਪਾ. ਅਨੁਗ੍ਰਹ। ਖ਼ਾ: ਭੋਜਨ, ਰਸੋਈ।” ਅਤੇ ਕੜਾਹ ਦਾ ਅਰਥ ਹੈ “ਕੜਾਹਾ, ਲੋਹੇ ਦਾ ਕੁੰਡੇਦਾਰ ਖੁੱਲ੍ਹੇ ਮੂੰਹ ਦਾ ਬਰਤਨ; ੨. ਕੜਾਹੇ ਵਿੱਚ ਤਿਆਰ ਕੀਤਾ ਅੰਨ; ਹਲੂਆ।” (ਮਹਾਨ ਕੋਸ਼)ਕੜਾਹ ਪ੍ਰਸ਼ਾਦਿ ਨੂੰ ਕੁਣਕਾ (ਖਾਵੈ ਕੁਣਕਾ ਵੰਡਕੈ), ਮਹਾਪ੍ਰਸ਼ਾਦ (ਆਣਿ ਮਹਾ ਪਰਸਾਦੁ ਵੰਡਿ ਖੁਆਇਆ॥ (ਭਾਈ ਗੁਰਦਾਸ ਜੀ- ਵਾਰ ੨੦, ਪਉੜੀ ੧੦), ਸ਼ਹੀਦੀ ਪ੍ਰਸ਼ਾਦ। ਪੰਚਾਮ੍ਰਿਤ ਅਤੇ ਦੇਗ ਵੀ ਕਿਹਾ ਜਾਂਦਾ ਹੈ ਪਰ ਹੁਣ ਕੇਵਲ ਕੜਾਹ ਪ੍ਰਸ਼ਾਦ ਸ਼ਬਦ ਹੀ ਵਧੇਰੇ ਪ੍ਰਚਲਤ ਹੈ।ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੇਵਲ ਕੜਾਹ ਪ੍ਰਸ਼ਾਦਿ ਹੀ ਵਰਤਾਉਣ ਦੀ ਪਰੰਪਰਾ ਹੈ, ਕਿਸੇ ਹੋਰ ਚੀਜ਼ ਨੂੰ ਪ੍ਰਸ਼ਾਦਿ ਦੇ ਰੂਪ ਵਿੱਚ ਵਰਤਾਉਣ ਦੀ ਰੀਤ ਨਹੀਂ ਹੈ।ਕੜਾਹ ਪ੍ਰਸ਼ਾਦ ਛੂਤ-ਛਾਤ, ਜ਼ਾਤ ਅਭਿਮਾਨ, ਊਚ-ਨੀਚ, ਗ਼ਰੀਬ-ਅਮੀਰ ਦਾ ਭੇਦ-ਭਾਵ ਮਿਟਾ ਕੇ ਏਕਤਾ, ਸਾਂਝੀਵਾਲਤਾ, ਇਕਸਾਰਤਾ, ਬਰਾਬਰਤਾ ਦਾ ਪ੍ਰਤੀਕ ਹੈ। ਸਿੱਖ ਰਹਿਤ ਮਰਯਾਦਾ ਵਿੱਚ ਇਸ ਸਬੰਧੀ ਇਉਂ ਹਿਦਾਇਤ ਕੀਤੀ ਗਈ ਹੈ, “ਕਿਸੇ ਲਿਹਾਜ਼ ਜਾਂ ਘਿਰਣਾ ਕਰਕੇ ਵਿਤਕਰਾ ਨਾ ਕਰੇ। ਸਭ ਸਿੱਖ, ਗੈਰ ਸਿੱਖ, ਨੀਚ-ਊਚ ਜਾਤਿ ਵਾਲੇ ਨੂੰ ਇਕੋ ਜਿਹਾ ਵਰਤਾਵੇ। ਕੜਾਹ ਪ੍ਰਸ਼ਾਦਿ ਵਰਤਾਣ ਵੇਲੇ ਸੰਗਤਿ ਵਿੱਚ ਬੈਠੇ ਕਿਸੇ ਮਨੁੱਖ ਤੋਂ ਜ਼ਾਤ-ਪਾਤ, ਛੂਤ-ਛਾਤ ਦਾ ਖ਼ਿਆਲ ਕਰਕੇ ਗਿਲਾਨੀ ਨਹੀਂ ਕਰਨੀ ਚਾਹੀਦੀ।”ਕਈ ਥਾਈਂ ਕੜਾਹ ਪ੍ਰਸ਼ਾਦਿ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲਿਆਉਣ ਸਮੇਂ ਇਸ ਦੇ ਅੱਗੇ ਅੱਗੇ ਪਾਣੀ ਤ੍ਰੌਂਕਦੇ ਹਨ; ਭਾਈ ਕਾਨ੍ਹ ਸਿੰਘ ਨਾਭਾ ਇਸ ਸਬੰਧ ਵਿੱਚ ਲਿਖਦੇ ਹਨ ਕਿ ਇਹ ਅਵਿਦਯਾ ਕਰਮ ਹੈ। ਕਈ ਥਾਈਂ ਇਹ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਕੜਾਹ ਪ੍ਰਸ਼ਾਦ ਦੇ ਦੇਗ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲਿਆਂਦੀ ਜਾਂਦੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੀਆਂ ਸੰਗਤਾਂ ਉੱਠ ਕੇ ਖੜੀਆਂ ਹੋ ਜਾਂਦੀਆਂ ਹਨ ਜਾਂ ਉਨ੍ਹਾਂ ਨੂੰ ਖੜੇ ਹੋਣ ਲਈ ਕਿਹਾ ਜਾਂਦਾ ਹੈ। ਪਰ ਇਹ ਸਭ ਕੁੱਝ ਅਗਿਆਨਤਾ ਵਸ ਦੇਖਾ ਦੇਖੀ ਪ੍ਰਾਰੰਭ ਹੋ ਗਿਆ ਹੋਇਆ ਹੈ; ਇਨ੍ਹਾਂ ਗੱਲਾਂ ਦਾ ਗੁਰਮਤਿ ਦੀ ਰਹਿਣੀ ਨਾਲ ਕਿਸੇ ਤਰ੍ਹਾਂ ਦਾ ਕੋਈ ਸਬੰਧ ਨਹੀਂ ਹੈ।ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦਿ ਦੀ ਦੇਗ ਸਤਿਕਾਰ ਨਾਲ ਲਿਆਉਣ ਅਤੇ ਅਰਦਾਸ ਉਪਰੰਤ ਕ੍ਰਿਪਾਨ ਭੇਟ ਕਰਨ ਦਾ ਅਰਥ ਗੁਰੂ ਨੂੰ ਭੋਗ ਲਗਾਉਣਾ ਨਹੀਂ ਹੈ। ਭਾਵੇਂ ਕਈ ਸੱਜਣ ਅਣਜਾਣਪੁਣੇ ਕਾਰਨ ਅਜਿਹਾ ਹੀ ਸਮਝਦੇ ਹਨ। (ਨੋਟ: ਜ਼ਿਆਦਾਤਰ ਡੇਰੇਦਾਰ ਇਸ ਤਰ੍ਹਾਂ ਦੀ ਸੋਚ ਦੇ ਧਾਰਨੀ ਹੋਣ ਕਾਰਨ ਉਨ੍ਹਾਂ ਦੇ ਸ਼ਰਧਾਲੂ ਵੀ ਇਸ ਤਰ੍ਹਾਂ ਦੀ ਧਾਰਨਾ ਨੂੰ ਧਾਰਨ ਕਰੀ ਬੈਠੇ ਹਨ) ਇਸ ਲਈ ਕਈ ਅਰਦਾਸੀਏ ਅਰਦਾਸ ਵਿੱਚ ਭੋਗ ਸ਼ਬਦ ਦੀ ਵਰਤੋਂ ਕਰਦੇ ਹਨ। ਕਈ ਅਰਦਾਸ ਕਰਨ ਵਾਲੇ ਸੱਜਣ ਅਰਦਾਸ ਵਿੱਚ ‘ਆਪ ਜੀ ਨੂੰ ਭੋਗ ਲਗੇ, ‘ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ’ ਵਰਗੀ ਅਨਮਤੀ ਸ਼ਬਦਾਵਲੀ ਵਰਤਦੇ ਹਨ। ਪਰੰਤੂ ਇਸ ਤਰ੍ਹਾਂ ਦੀ ਸ਼ਬਦਾਵਲੀ ਗੁਰਮਤਿ ਦੇ ਅਨੁਕੂਲ ਨਹੀਂ ਹੈ। ਇਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੇ ਸੱਜਣ ਗੁਰਬਾਣੀ ਦੀ ਇਹ ਤੁੱਕ ਆਮ ਹੀ ਅਰਦਾਸ ਵਿੱਚ ਪੜ੍ਹਦੇ ਹਨ: ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ॥ (ਪੰਨਾ ੧੨੬੬)ਪਰ ਇਸ ਪੰਗਤੀ ਵਿੱਚ ਕੜਾਹ ਪ੍ਰਸ਼ਾਦਿ ਦਾ ਤਾਂ ਕੋਈ ਜ਼ਿਕਰ ਨਹੀਂ ਹੈ; ਇਸ ਵਿੱਚ ਤਾਂ ਆਤਮਕ ਰਸੋਈ ਦੀਤਿਆਰੀ ਦੀ ਗੱਲ ਕੀਤੀ ਹੋਈ ਹੈ ਨਾ ਕਿ ਕੜਾਹ ਪ੍ਰਸਾਦਿ ਦੀ। ਜਿਸ ਸ਼ਬਦ ਦੀ ਇਹ ਪੰਗਤੀ ਹੈ ਉਹ ਇਸ ਪ੍ਰਕਾਰ ਹੈ:ਕਿਆ ਤੂ ਸੋਚਹਿ ਕਿਆ ਤੂ ਚਿਤਵਹਿ ਕਿਆ ਤੂੰ ਕਰਹਿ ਉਪਾਏ॥ ਤਾ ਕਉ ਕਹਹੁ ਪਰਵਾਹ ਕਾਹੂ ਕੀ ਜਿਹ ਗੋਪਾਲ ਸਹਾਏ॥ ੧॥ ਬਰਸੈ ਮੇਘੁ ਸਖੀ ਘਰਿ ਪਾਹੁਨ ਆਏ॥ ਮੋਹਿ ਦੀਨ ਕ੍ਰਿਪਾ ਨਿਧਿ ਠਾਕੁਰ ਨਵ ਨਿਧਿ ਨਾਮਿ ਸਮਾਏ॥ ੧॥ ਰਹਾਉ॥ ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ॥ ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ॥ ੨॥ ਦੁਸਟ ਬਿਦਾਰੇ ਸਾਜਨ ਰਹਸੇ ਇਹਿ ਮੰਦਿਰ ਘਰ ਅਪਨਾਏ॥ ਜਉ ਗ੍ਰਿਹਿ ਲਾਲੁ ਰੰਗੀਓ ਆਇਆ ਤਉ ਮੈ ਸਭਿ ਸੁਖ ਪਾਏ॥ ੩॥ ਸੰਤ ਸਭਾ ਓਟ ਗੁਰ ਪੂਰੇ ਧੁਰਿ ਮਸਤਕਿ ਲੇਖੁ ਲਿਖਾਏ॥ ਜਨ ਨਾਨਕ ਕੰਤੁ ਰੰਗੀਲਾ ਪਾਇਆ ਫਿਰਿ ਦੂਖੁ ਨ ਲਾਗੈ ਆਏ॥ ੪॥