News

Babbu Maan ਕੋਲੋਂ ਸੁਣੋ ਪੰਜਾਬੀ ਬੋਲੀ ਦੀਆਂ ਸਿਫਤਾਂ | ਨਾਲੇ ਗੁਰਦਾਸ ਮਾਨ ਨੂੰ ਸੁਣਾਓ

ਇਹਨਾਂ ਦਿਨਾਂ ਵਿਚ ਭਖਿਆ ਹੋਇਆ ਮਸਲਾ ਹੈ ਪੰਜਾਬੀ ਮਾਂ ਬੋਲੀ ਦਾ ਮਸਲਾ ਤੇ ਇਸ ਮਸਲੇ ਵਿਚ ਸਭ ਤੋਂ ਬੁਰੀ ਤਰਾਂ ਫੱਸਿਆ ਗੁਰਦਾਸ ਮਾਨ ਜਿਸਨੇ ਆਪਣਾ 40 ਸਾਲਾਂ ਦਾ ਗਾਇਕੀ ਦਾ ਕਰੀਅਰ ਕੁਝ ਕੁ ਦਿਨਾਂ ਵਿਚ ਹੀ ਪੰਜਾਬੀ ਖਿਲਾਫ ਬਿਆਨ ਦੇ ਕੇ ਥੱਲੇ ਸੁੱਟ ਲਿਆ। ਪੰਜਾਬੀ ਗਾਇਕਾਂ ਚੋਂ ਇੱਕ ਗਾਇਕ ਹੈ ਬੱਬੂ ਮਾਨ, ਉਸਦੀ ਗਾਇਕੀ ਵਿਚ ਭਾਵੇਂ ਕਈ ਗੀਤ ਲੱਚਰ ਵੀ ਹਨ,ਬਹੁਤ ਸਾਰੇ ਗੀਤ ਅਸ਼ਲੀਲ ਵੀ ਹਨ ਪਰ ਜਿੰਨਾ ਕੁ ਉਸਨੇ ਪੰਜਾਬ ਬਾਰੇ,ਪੰਜਾਬੀ ਬੋਲੀ ਬਾਰੇ,ਪੰਜਾਬ ਦੀ ਕਿਸਾਨੀ ਬਾਰੇ,ਪੰਜਾਬ ਦੇ ਅਸਲ ਹਲਾਤਾਂ ਬਾਰੇ ਗਾਇਆ ਹੈ ਉਹਨਾਂ ਸ਼ਾਇਦ ਹੀ ਕਿਸੇ ਹੋਰ ਪੰਜਾਬੀ ਗਾਇਕ ਨੇ ਗਾਇਆ ਹੋਵੇ। ਪੰਜਾਬੀ ਬੋਲੀ ਦੇ ਮਸਲੇ ਤੇ ਬੱਬੂ ਮਾਨ ਦੀ ਇੱਕ ਵੀਡੀਓ ਚਰਚਾ ਵਿਚ ਹੈ,ਕਰਿਓ ਗੌਰ ਕਿ ਪੰਜਾਬੀ ਬੋਲੀ ਬਾਰੇ ਬੱਬੂ ਮਾਨ ਕੀ ਕਹਿ ਰਿਹਾ ? ਮਾਂ ਹੀ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ ਜੋ ਉਸ ਨੂੰ ਬੋਲਣਾ, ਸਮਝਣਾ ਤੇ ਸਮਝਾਉਣਾ ਸਿਖਾਉਂਦੀ ਹੈ। ਉਸ ਨੂੰ ਇਸ ਵਾਸਤੇ ਕਿਸੇ ਖਾਸ ਸਿਖਲਾਈ ਲੋੜ ਨਹੀਂ ਹੁੰਦੀ। ਇਹ ਸਭ ਕੁਝ ਕੁਦਰਤੀ ਹੀ ਵਾਪਰਦਾ ਹੈ ਤੇ ਦੇਖਣ ਵਾਲੀ ਗੱਲ ਇਹ ਹੈ ਕਿ ਇਕ ਅਨਪੜ੍ਹ ਤੋਂ ਅਨਪੜ੍ਹ ਮਾਂ ਵੀ ਆਪਣੇ ਬੱਚੇ ਨੂੰ ਮਾਂ ਬੋਲੀ ਵਿੱਚ ਨਿਪੁੰਨ ਬਣਾ ਲੈਂਦੀ ਹੈ। ਇਸੇ ਲਈ ਜਦੋਂ ਕਿਸੇ ਬੋਲੀ ਨੂੰ ਮਾਂ ਬੋਲੀ ਕਿਹਾ ਜਾਂਦਾ ਹੈ ਤਾਂ ਮਾਂ ਦੀ ਉਸ ਘਾਲਣਾ ਪ੍ਰਤੀ ਸਤਿਕਾਰ ਪ੍ਰਗਟ ਕੀਤਾ ਜਾਂਦਾ ਹੈ ਜਿਸ ਰਾਹੀਂ ਮਾਂ ਬੱਚੇ ਦਾ ਸੰਸਾਰ ਨਾਲ ਅਰਥ ਪੂਰਣ ਰਿਸ਼ਤਾ ਗੰਢਦੀ ਹੈ।
ਜਦੋਂ ਬੱਚਾ ਹੋਸ਼ ਸੰਭਾਲਦਾ ਹੈ ਤਾਂ ਉਸ ਦਾ ਸਾਥ ਦੇਣ ਲਈ ਸਭ ਤੋਂ ਪਹਿਲਾਂ ਉਸ ਦੀ ਮਾਂ ਹਾਜ਼ਰ ਹੁੰਦੀ ਹੈ। ਮਾਂ ਹੀ ਉਸ ਨੂੰ ਉਸ ਦੀ ਬਾਕੀਆਂ ਨਾਲ ਜਾਣ ਪਛਾਣ ਕਰਾਉਂਦੀ ਹੈ। ਘਰ ਤੋਂ ਬਾਹਰ ਜਦੋਂ ਬੱਚਾ ਆਪਣੇ ਆਲੇ ਦੁਆਲੇ ਨਾਲ ਸਾਂਝ ਪਾਉਂਦਾ ਹੈ ਤਾਂ ਮਾਂ ਤੋਂ ਮਿਲੀ ਬੋਲੀ ਇਸ ਵਰਤਾਰੇ ਵਿੱਚ ਉਸ ਦੀ ਮਦਦ ਕਰਦੀ ਹੈ। ਉਹ ਆਲੇ ਦੁਆਲੇ ਤੋਂ ਆਸ ਪਾਸ ਵਾਪਰਨ ਵਾਲੀਆਂ ਸਾਰੀਆਂ ਕ੍ਰਿਆਵਾਂ ਦਾ ਗਿਆਨ ਹਾਸਲ ਕਰਦਾ ਹੈ। ਆਲੇ ਦੁਆਲੇ ਵਿੱਚ ਉਸ ਦੇ ਦੋਸਤ ਮਿੱਤਰ, ਉਸ ਦੇ ਗਲੀ ਗਵਾਂਢ ਵਿੱਚ ਰਹਿਣ ਵਾਲੇ ਵਿਅਕਤੀ, ਆਸ ਪਾਸ ਬੋਲੀ ਜਾਣ ਵਾਲੀ ਬੋਲੀ ਆਦਿ ਸ਼ਾਮਿਲ ਹੁੰਦੇ ਹਨ। ਇੰਜ ਉਸ ਦਾ ਸਾਹਮਣਾ ਇਕ ਉਸ ਬੋਲੀ ਨਾਲ ਹੁੰਦਾ ਹੈ ਜੋ ਉਸ ਦੇ ਆਲੇ ਦੁਆਲੇ ਦਾ ਹਿੱਸਾ ਹੁੰਦੀ ਹੈ। ਇਹ ਕੁਦਰਤੀ ਬੋਲੀ ਹੈ ਜਿਸ ਵਿੱਚ ਵਿਚਰ ਕੇ ਕੋਈ ਬੱਚਾ ਆਪਣੇ ਸਵੈ-ਪ੍ਰਗਟਾਵੇ ਦੀ ਪਹਿਲੀ ਪੌੜੀ ਚੜ੍ਹਦਾ ਹੈ।

Related Articles

Back to top button