ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਫੀਲਡ ਮਾਰਸ਼ਲ ਆਸਿਮ ਮੁਨੀਰ ਨਾਲ ਗੱਲਬਾਤ ਦੇ ਆਧਾਰ ’ਤੇ, ਜਿਨ੍ਹਾਂ ਨੇ ਮੈਨੂੰ ਬੇਨਤੀ ਕੀਤੀ ਕਿ ਮੈਂ ਅੱਜ ਰਾਤ ਇਰਾਨ ਵੱਲ ਭੇਜੇ ਜਾਣ ਵਾਲੀ ਤਬਾਹੀਕੁੰਨ ਫੌਜੀ ਕਾਰਵਾਈ ਨੂੰ ਰੋਕਾਂ, ਅਤੇ ਇਸ ਸ਼ਰਤ ’ਤੇ ਕਿ ਇਰਾਨ ਦਾ ਇਸਲਾਮਿਕ ਗਣਰਾਜ ਹੋਰਮੁਜ਼ ਲਾਂਘੇ ਦੀ ਪੂਰੀ, ਤੁਰੰਤ ਅਤੇ ਸੁਰੱਖਿਅਤ ਖੁੱਲ੍ਹੀ ਆਵਾਜਾਈ ਨੂੰ ਮਨਜ਼ੂਰ ਕਰੇ, ਮੈਂ ਇਰਾਨ ਉੱਤੇ ਬੰਬਾਰੀ ਅਤੇ ਹਮਲਿਆਂ ਨੂੰ ਦੋ ਹਫ਼ਤਿਆਂ ਲਈ ਰੋਕਣ ਲਈ ਸਹਿਮਤ ਹਾਂ।
ਇਹ ਦੋ-ਤਰਫ਼ਾ ਜੰਗਬੰਦੀ ਹੋਵੇਗੀ!
ਇਸ ਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਸਾਰੇ ਫੌਜੀ ਮਕਸਦ ਹਾਸਲ ਕਰ ਚੁੱਕੇ ਹਾਂ ਅਤੇ ਉਨ੍ਹਾਂ ਤੋਂ ਵੀ ਅੱਗੇ ਵੱਧ ਚੁੱਕੇ ਹਾਂ, ਅਤੇ ਇਰਾਨ ਨਾਲ ਲੰਬੇ ਸਮੇਂ ਦੀ ਸ਼ਾਂਤੀ ਅਤੇ ਮੱਧ ਪੂਰਬ ਵਿੱਚ ਅਮਨ ਲਈ ਇੱਕ ਪੱਕੇ ਸਮਝੌਤੇ ਵੱਲ ਕਾਫ਼ੀ ਅੱਗੇ ਵੱਧ ਰਹੇ ਹਾਂ।

ਸਾਨੂੰ ਇਰਾਨ ਵੱਲੋਂ 10 ਨੁਕਾਤੀ ਪ੍ਰਸਤਾਵ ਮਿਲਿਆ ਹੈ ਅਤੇ ਸਾਨੂੰ ਵਿਸ਼ਵਾਸ ਹੈ ਕਿ ਇਹ ਗੱਲਬਾਤ ਲਈ ਇੱਕ ਕਾਰਗਰ ਆਧਾਰ ਹੈ। ਪਿਛਲੇ ਵਿਵਾਦਾਂ ਦੇ ਲਗਭਗ ਸਾਰੇ ਮੁੱਦਿਆਂ ’ਤੇ ਸੰਯੁਕਤ ਰਾਜ ਅਮਰੀਕਾ ਅਤੇ ਇਰਾਨ ਵਿਚਕਾਰ ਸਹਿਮਤੀ ਬਣ ਚੁੱਕੀ ਹੈ, ਪਰ ਇਹ ਦੋ ਹਫ਼ਤਿਆਂ ਦੀ ਮਿਆਦ ਇਸ ਸਮਝੌਤੇ ਨੂੰ ਅੰਤਿਮ ਰੂਪ ਦੇਣ ਵਿੱਚ ਮਦਦ ਕਰੇਗੀ।
ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਵਜੋਂ, ਅਤੇ ਮੱਧ ਪੂਰਬ ਦੇ ਦੇਸ਼ਾਂ ਦੀ ਨੁਮਾਇੰਦਗੀ ਕਰਦਿਆਂ, ਇਸ ਲੰਬੇ ਸਮੇਂ ਤੋਂ ਚੱਲ ਰਹੀ ਸਮੱਸਿਆ ਨੂੰ ਹੱਲ ਦੇ ਨੇੜੇ ਲਿਆਉਣਾ ਮੇਰੇ ਲਈ ਮਾਣ ਦੀ ਗੱਲ ਹੈ।
ਇਸ ਮਾਮਲੇ ’ਤੇ ਧਿਆਨ ਦੇਣ ਲਈ ਧੰਨਵਾਦ!
ਰਾਸ਼ਟਰਪਤੀ ਡੋਨਾਲਡ ਜੇ. ਟਰੰਪ
----------------

ਇਸਲਾਮਿਕ ਗਣਰਾਜ ਇਰਾਨ ਦੀ ਤਰਫੋਂ, ਮੈਂ ਆਪਣੇ ਪਿਆਰੇ ਭਰਾਵਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਫੀਲਡ ਮਾਰਸ਼ਲ ਮੁਨੀਰ ਦਾ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਖੇਤਰ ਵਿੱਚ ਜੰਗ ਖਤਮ ਕਰਨ ਲਈ ਅਣਥਕ ਕੋਸ਼ਿਸ਼ਾਂ ਕੀਤੀਆਂ।
ਪ੍ਰਧਾਨ ਮੰਤਰੀ ਸ਼ਰੀਫ ਵੱਲੋਂ ਆਪਣੇ ਟਵੀਟ ਵਿੱਚ ਕੀਤੀ ਗਈ ਭਰਾਵਾਂ ਵਾਲੀ ਅਪੀਲ ਦੇ ਜਵਾਬ ਵਿੱਚ, ਅਤੇ ਅਮਰੀਕਾ ਵੱਲੋਂ ਆਪਣੇ 15 ਨੁਕਾਤੀ ਪ੍ਰਸਤਾਵ ਦੇ ਆਧਾਰ ’ਤੇ ਗੱਲਬਾਤ ਲਈ ਕੀਤੀ ਬੇਨਤੀ ਨੂੰ ਧਿਆਨ ਵਿੱਚ ਰੱਖਦਿਆਂ, ਅਤੇ ਅਮਰੀਕੀ ਰਾਸ਼ਟਰਪਤੀ ਵੱਲੋਂ ਇਰਾਨ ਦੇ 10 ਨੁਕਾਤੀ ਪ੍ਰਸਤਾਵ ਦੇ ਆਮ ਢਾਂਚੇ ਨੂੰ ਗੱਲਬਾਤ ਲਈ ਮੰਨਣ ਦੇ ਐਲਾਨ ਦੇ ਮੱਦੇਨਜ਼ਰ, ਮੈਂ ਇਰਾਨ ਦੀ ਸੁਪਰੀਮ ਨੈਸ਼ਨਲ ਸੁਰੱਖਿਆ ਕੌਂਸਲ ਦੀ ਤਰਫੋਂ ਇਹ ਐਲਾਨ ਕਰਦਾ ਹਾਂ:
ਜੇਕਰ ਇਰਾਨ ਵਿਰੁੱਧ ਹਮਲੇ ਰੋਕੇ ਜਾਂਦੇ ਹਨ, ਤਾਂ ਸਾਡੀਆਂ ਤਾਕਤਵਰ ਹਥਿਆਰਬੰਦ ਫੌਜਾਂ ਆਪਣੀਆਂ ਰੱਖਿਆ ਕਾਰਵਾਈਆਂ ਬੰਦ ਕਰ ਦੇਣਗੀਆਂ।

ਦੋ ਹਫ਼ਤਿਆਂ ਦੀ ਮਿਆਦ ਲਈ, ਹੋਰਮੁਜ਼ ਲਾਂਘੇ ਰਾਹੀਂ ਸੁਰੱਖਿਅਤ ਆਵਾਜਾਈ ਸੰਭਵ ਹੋਵੇਗੀ, ਜੋ ਇਰਾਨ ਦੀ ਹਥਿਆਰਬੰਦ ਫੌਜ ਨਾਲ ਸਹਿਯੋਗ ਅਤੇ ਤਕਨੀਕੀ ਸੀਮਾਵਾਂ ਨੂੰ ਧਿਆਨ ਵਿੱਚ ਰੱਖ ਕੇ ਯਕੀਨੀ ਬਣਾਈ ਜਾਵੇਗੀ।
ਸਈਦ ਅੱਬਾਸ ਅਰਾਗ਼ਚੀ
ਵਿਦੇਸ਼ ਮੰਤਰੀ
ਇਸਲਾਮਿਕ ਗਣਰਾਜ ਇਰਾਨ