ਇਕ ਪਾਸੇ ਮਿਡਲ ਈਸਟ 'ਚ ਛਿੜੀ ਜੰਗ ਨੇ ਪੂਰੀ ਦੁਨੀਆ ਨੂੰ ਵਖ਼ਤ ਪਾਇਆ ਹੋਇਆ ਹੈ, ਉੱਥੇ ਹੀ ਚੀਨ ਨਾਲ ਵਧਦੇ ਤਣਾਅ ਦਰਮਿਆਨ ਤਾਈਵਾਨ ਨੇ ਬੁੱਧਵਾਰ ਨੂੰ ਆਪਣੀ ਫ਼ੌਜੀ ਤਾਕਤ ਦਾ ਪ੍ਰਦਰਸ਼ਨ ਕਰਦੇ ਹੋਏ ਅਮਰੀਕਾ ਤੋਂ ਮਿਲੇ ‘ਸ਼ੂਟ-ਐਂਡ-ਸਕੂਟ ਮੋਬਾਈਲ ਲਾਂਚਰ’ ਨਾਲ ਰਾਕੇਟ ਦਾਗੇ। ਇਸ ਫ਼ੌਜੀ ਅਭਿਆਸ ਦਾ ਉਦੇਸ਼ ਚੀਨ ਦੇ ਸੰਭਾਵੀ ਹਮਲੇ ਦੀ ਸਥਿਤੀ ਵਿਚ ਤੁਰੰਤ ਜਵਾਬੀ ਕਾਰਵਾਈ, ਤੇਜ਼ੀ ਨਾਲ ਤਾਇਨਾਤੀ ਅਤੇ ਸਟੀਕ ਹਮਲੇ ਦੀ ਸਮਰੱਥਾ ਨੂੰ ਪਰਖਣਾ ਸੀ।
ਤਾਈਵਾਨ ਦੀ ਫ਼ੌਜ ਨੇ ‘ਸ਼ੂਟ-ਐਂਡ-ਸਕੂਟ’ ਰਣਨੀਤੀ ਦੇ ਤਹਿਤ ਪੱਛਮੀ ਤੱਟ ’ਤੇ ਆਯੋਜਿਤ ਅਭਿਆਸ ਦੌਰਾਨ ਐੱਚ.ਆਈ.ਐੱਮ.ਏ.ਆਰ.ਐੱਸ. (ਹਾਈ ਮੋਬਿਲਿਟੀ ਆਰਟਿਲਰੀ ਰਾਕੇਟ ਸਿਸਟਮ) ਲਾਂਚਰ ਤੋਂ ਰਾਕੇਟ ਫ਼ਾਇਰ ਕੀਤੇ। ਇਸ ਰਣਨੀਤੀ ਵਿਚ ਰਾਕੇਟ ਦਾਗਣ ਦੇ ਤੁਰੰਤ ਬਾਅਦ ਲਾਂਚਰ ਨੂੰ ਦੂਜੀ ਜਗ੍ਹਾ ਪਹੁੰਚਾ ਦਿੱਤਾ ਜਾਂਦਾ ਹੈ, ਤਾਂ ਜੋ ਦੁਸ਼ਮਣ ਉਸ ਦੀ ਸਥਿਤੀ ਦਾ ਪਤਾ ਲਗਾ ਕੇ ਜਵਾਬੀ ਹਮਲਾ ਨਾ ਕਰ ਸਕੇ।