A boy wasted his father’s 16 Lac in PUBG Game ! |Surkhab TV

ਖਰੜ: ਮੋਬਾਈਲ ਗੇਮ ਖੇਡਣ ਨਾਲ ਸਮੇਂ ਦਾ ਤਾਂ ਨੁਕਸਾਨ ਹੁੰਦਾ ਹੀ ਹੈ ਪਰ ਕਦੇ ਕਿਸੇ ਨੇ ਇਹ ਨਹੀਂ ਸੋਚਿਆ ਹੋਣਾ ਕਿ ਇਸ ਨਾਲ ਲੱਖਾਂ ਦਾ ਨੁਕਸਾਨ ਕਿਵੇਂ ਹੋ ਸਕਦਾ ਹੈ। ਖਰੜ ਦੇ ਨਾਬਾਲਗ ਲੜਕੇ ਨੇ ਕੁਝ ਐਸਾ ਹੀ ਕੀਤਾ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਮੋਬਾਈਲ ਗੇਮ ਦੇ ਸੌਕੀਨ ਟੀਨਏਜ਼ਰ ਲੜਕੇ ਨੇ 16 ਲੱਖ ਰੁਪਏ ਮਸ਼ਹੂਰ ਮੋਬਾਈਲ ਗੇਮ PUBG ‘ਚ ਲਾ ਦਿੱਤੇ। ਉਸ ਨੇ ਕਥਿਤ ਤੌਰ ਤੇ ਗੇਮ ‘ਚ ਇੱਕ ਮਹੀਨੇ ‘ਚ ਮਾਸਟਰ ਬਣਨ ਲਈ ਗੇਮ ਅੰਦਰ ਵਰਚੂਅਲ ਬਾਰੂਦ, ਪਾਸ ਤੇ ਆਰਟੀਲਰੀ ਖਰੀਦੀ।ਹੁਣ ਉਸ ਦੀ ਇਸ ਹਰਕਤ ਤੋਂ ਪ੍ਰੇਸ਼ਾਨ ਉਸ ਦੇ ਪਿਤਾ ਨੇ ਉਸ ਨੂੰ ਇੱਕ ਸਕੂਟਪ ਰਿਪੇਅਰ ਦੀ ਦੁਕਾਨ ਤੇ ਲਾ ਦਿੱਤਾ ਹੈ। ਉਸ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਉਸ ਨੂੰ ਇਹ ਅਹਿਸਾਸ ਦਿਵਾਉਣਾ ਚਾਹੁੰਦੇ ਹਨ ਕਿ ਪੈਸਾ ਕਮਾਉਣਾ ਕਿੰਨਾ ਔਖਾ ਹੈ। ਉਹ ਹੁਣ ਲੜਕੇ ਨੂੰ ਘਰ ਵਿਹਲਾ ਨਹੀਂ ਬੈਠਣ ਦੇ ਸਕਦੇ। ਉਨ੍ਹਾਂ ਲੜਕੇ ਤੋਂ ਮੋਬਾਈਲ ਫੋਨ ਵੀ ਖੋਹ ਲਿਆ ਹੈ। ਲੜਕੇ ਦੇ ਪਿਤਾ ਨੇ ਉਸ ਦੇ ਭਵਿੱਖ ਲਈ ਕੁਝ ਪੈਸੇ ਜੋੜ ਕੇ ਰੱਖੇ ਸਨ ਜੋ ਉਸ ਨੇ ਗੇਮ ‘ਚ ਉੱਡਾ ਦਿੱਤੇ।17 ਸਾਲਾ ਲੜਕੇ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਸੀ ਕਿ ਉਹ ਆਨਲਾਈਨ ਪੜ੍ਹਾਈ ਲਈ ਮੋਬਾਈਲ ਇਸਤਮਾਲ ਕਰ ਰਿਹਾ ਹੈ।
ਨਾਬਾਲਗ ਲੜਕੇ ਨੇ ਕਥਿਤ ਤੌਰ ਤੇ ਤਿੰਨ ਬੈਂਕ ਅਕਾਊਂਟਸ ਦੀ ਵਰਤੋਂ ਕਰ ਗੇਮ ‘ਚ ਖਰੀਦਦਾਰੀ ਕੀਤੀ ਤੇ ਆਪਣੇ ਟੀਮ ਮੈਂਬਰਾਂ ਨੂੰ ਵੀ ਕਰਵਾਈ।ਪਰਿਵਾਰ ਨੂੰ ਇਸ ਸਬੰਧੀ ਜਾਣਕਾਰੀ ਉਦੋਂ ਮਿਲੀ ਜਦੋਂ ਉਨ੍ਹਾਂ ਬੈਂਕ ਸਟੇਟਮੈਂਟਸ ਵੇਖੀਆਂ। ਲੜਕੇ ਨੇ ਆਪਣੀ ਮਾਤਾ ਦੇ ਪੀਐਫ ਖਾਤੇ ਵਿਚੋਂ ਵੀ 2 ਲੱਖ ਰੁਪਏ ਤੇ ਆਪਣੇ ਬੈਂਕ ਅਕਾਊਂਟ ‘ਚੋਂ ਵੀ ਪੈਸੇ ਖਰਚ ਕਰ ਦਿੱਤੇ ਹਨ।