Home / Punjab / 28 ਸਾਲ ਦੀ ਕੈਦ ਕੱਟਣ ਵਾਲਾ ‘ਕੌਮੀ ਯੋਧਾ’ | ਭਾਈ ਲਾਲ ਸਿੰਘ ਅਕਾਲਗੜ | Surkhab Tv

28 ਸਾਲ ਦੀ ਕੈਦ ਕੱਟਣ ਵਾਲਾ ‘ਕੌਮੀ ਯੋਧਾ’ | ਭਾਈ ਲਾਲ ਸਿੰਘ ਅਕਾਲਗੜ | Surkhab Tv

28 ਸਾਲਾਂ ਤੋਂ ਭਾਰਤੀ ਜੇਲ੍ਹ ਵਿਚ ਨਜ਼ਰਬੰਦ 61 ਸਾਲਾ ਸਿਆਸੀ ਸਿੱਖ ਕੈਦੀ ਭਾਈ ਲਾਲ ਸਿੰਘ ਅਕਾਲਗੜ੍ਹ ਦੀ ਰਿਹਾਈ ਲਈ ਭਾਰਤ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਭਾਈ ਲਾਲ ਸਿੰਘ ਅਕਾਲਗੜ੍ਹ ਨੂੰ ਕਾਲੇ ਕਾਨੂੰਨ ਵਜੋਂ ਜਾਣੇ ਜਾਂਦੇ ਟਾਡਾ ਅਧੀਨ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਸਿੱਖ ਜਥੇਬੰਦੀਆਂ ਬੀਤੇ ਲੰਮੇ ਸਮੇਂ ਤੋਂ ਭਾਰਤ ਦੀਆਂ ਜੇਲ੍ਹਾਂ ਵਿਚ ਬੰਦ ਸਿਆਸੀ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਹਨਾਂ ਸਿੱਖਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਜੇਲ੍ਹਾਂ ਵਿਚ ਬੰਦ ਰੱਖਿਆ ਗਿਆ ਹੈ।
ਨਾਭਾ ਜੇਲ੍ਹ ਦੇ ਸੁਪਰਡੈਂਟ ਨੂੰ ਭਾਰਤ ਦੇ ਗ੍ਰਹਿ ਮਹਿਕਮੇ ਦੇ ਕਾਨੂੰਨੀ ਵਿਭਾਗ ਦੇ ਅੰਡਰਸੈਕਟਰੀ ਐਮ ਕੇ ਚਾਹਰ ਦਾ ਸੁਨੇਹਾ ਪਹੁੰਚਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਗੁਜਰਾਤ ਸੂਬੇ ਦੇ ਡਾਇਰੈਕਟਰ ਜਨਰਲ ਅਤੇ ਜੇਲ੍ਹਾਂ ਦੇ ਆਈਜੀ ਨੇ 3 ਮਾਰਚ, 2020 ਨੂੰ ਟਾਡਾ ਅਧੀਨ ਨਜ਼ਰਬੰਦ ਲਾਲ ਸਿੰਘ ਦੀ ਰਿਹਾਈ ਦੇ ਹੁਕਮ ਜਾਰੀ ਕਰ ਦਿੱਤੇ ਹਨ।ਫਗਵਾੜਾ ਨੇੜਲੇ ਅਕਾਲਗੜ੍ਹ ਪਿੰਡ ਦੇ ਵਸਨੀਕ ਭਾਈ ਲਾਲ ਸਿੰਘ ਨੂੰ 1992 ਵਿਚ ਦਾਦਰ ਰੇਲਵੇ ਸਟੇਸ਼ਨ ‘ਤੇ ਹਥਿਆਰਾਂ ਦੀ ਬਰਾਮਦੀ ਦੇ ਮਾਮਲੇ ਵਿਚ 1997 ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਭਾਈ ਲਾਲ ਸਿੰਘ ਹੁਣ ਪੈਰੋਲ ‘ਤੇ ਹਨ। ਇਸ ਸਬੰਧੀ ਜਦੋਂ ਭਾਈ ਲਾਲ ਸਿੰਘ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨਾਲ ਗੱਲ ਕੀਤੀ ਤਾਂ ਉਹਨਾਂ ਉਪਰੋਕਤ ਰਿਹਾਈ ਹੁਕਮਾਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਹੁਕਮ ਭਾਰਤ ਸਰਕਾਰ ਵੱਲੋਂ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਕੁੱਝ ਸਿਆਸੀ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦੇ ਐਲਾਨ ਅਧੀਨ ਜਾਰੀ ਹੋਏ ਹਨ। ਉਹਨਾਂ ਦੱਸਿਆ ਕਿ ਇਹ ਹੁਕਮ 3 ਮਾਰਚ, 2020 ਦੇ ਜਾਰੀ ਹੋ ਚੁੱਕੇ ਹਨ ਪਰ ਪੰਜਾਬ ਸਰਕਾਰ ਵੱਲੋਂ ਹੁਣ ਤਕ ਇਹਨਾਂ ਹੁਕਮਾਂ ਨੂੰ ਲਾਗੂ ਨਹੀਂ ਕੀਤਾ ਗਿਆ। ਭਾਈ ਲਾਲ ਸਿੰਘ ਉਰਫ ਭਾਈ ਮਨਜੀਤ ਸਿੰਘ ਪੁੱਤਰ ਸਵ: ਸ. ਭਾਗ ਸਿੰਘ ਵਾਸੀ ਪਿੰਡ ਅਕਾਲਗੜ੍ਹ, ਥਾਣਾ ਸਦਰ ਫਗਵਾੜਾ, ਜਿਲ੍ਹਾ ਕਪੂਰਥਲਾ ਹੁਣ ਪੈਰੋਲ ‘ਤੇ ਹਨ। ਭਾਈ ਲਾਲ ਸਿੰਘ ਚੜ੍ਹਦੀ ਜੁਆਨੀ ਵਿਚ ਪੰਜਾਬ ਦੇ ਹੋਰਨਾਂ ਨੌਜਵਾਨਾਂ ਵਾਂਗ ਹੀ ਰੁਜ਼ਗਾਰ ਦੀ ਭਾਲ ਵਿਚ ਦੇਸੋਂ ਪਰਦੇਸ ਗਏ ਸਨ ਪਰ 1984 ਦੇ ਘੱਲੂਘਾਰੇ ਨੇ ਲੱਖਾਂ ਸਿੱਖ ਨੌਜਵਾਨਾਂ ਵਾਂਗ ਉਹਨਾਂ ਦੇ ਜਜਬਾਤਾਂ ਨੂੰ ਵੀ ਝੰਜੋੜਿਆ ਅਤੇ ਜੂਨ ਤੇ ਨਵੰਬਰ 1984 ਦੇ ਹਲਾਤਾਂ ਦੀ ਉਪਜ ਵਿਚੋਂ ਅਜਿਹੀ ਲਹਿਰ ਸ਼ੁਰੂ ਹੋਈ ਜਿਸ ਵਿਚ ਭਾਈ ਲਾਲ ਸਿੰਘ ਵੀ ਸ਼ਾਮਲ ਹੋਏ ਅਤੇ ਬਣਦਾ ਯੋਗਦਾਨ ਪਾਇਆ। 1992 ਵਿਚ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਲੰਬਾ ਸਮਾਂ ਗੈਰ-ਕਾਨੂੰਨੀ ਤੇ ਕਾਨੂੰਨੀ ਹਿਰਾਸਤ ਵਿਚ ਉਹਨਾਂ ਉਤੇ ਹਰ ਤਰੀਕੇ ਦੇ ਸਰੀਰਕ ਤੇ ਮਾਨਸਿਕ ਤਸ਼ੱਦਦ ਹੋਏ। ਉਹਨਾਂ ਨੂੰ ਕਈ ਸਾਲ ਜੇਲ੍ਹ ਦੇ ਆਂਡਾ ਸੈੱਲਾਂ ਵਿਚ ਹੱਥਾਂ-ਪੈਰਾਂ ਦੀਆਂ ਬੇੜੀਆਂ ਵਿਚ ਨੂੜ ਕੇ ਰੱਖਿਆ ਗਿਆ ਅਤੇ ਅੰਤ ਉਹਨਾਂ ਨੂੰ 8 ਜਨਵਰੀ 1997 ਨੂੰ ਅਹਿਮਦਾਬਾਦ ਦਿਹਾਤੀ ਦੀ ਮਿਰਜ਼ਾਪੁਰ ਸਪੈਸ਼ਲ ਟਾਡਾ ਕੋਰਟ ਦੇ ਜੱਜ ਸੀ.ਕੇ. ਬੁੱਚ ਵਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਜੋ ਭਾਰਤੀ ਸੁਪਰੀਮ ਕੋਰਟ ਵਲੋਂ 9 ਜਨਵਰੀ 2001 ਨੂੰ ਅਪੀਲ ਖਾਰਜ਼ ਕਰਦਿਆਂ ਬਹਾਲ ਹੀ ਰੱਖੀ ਗਈ ਪਰ ਭਾਈ ਲਾਲ ਸਿੰਘ ਨੂੰ ਕੁਝ ਰਾਹਤ ਮਿਲੀ ਕਿ ਉਹਨਾਂ ਨੂੰ 11 ਨਵੰਬਰ 1998 ਨੂੰ ਅਹਿਮਦਾਬਾਦ ਜੇਲ੍ਹ ਤੋਂ ਜਲੰਧਰ ਜੇਲ੍ਹ ਅਤੇ ਬਾਅਦ ਵਿਚ ਜਲੰਧਰ ਜੇਲ੍ਹ ਤੋਂ 02 ਮਾਰਚ 2000 ਵਿਚ ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਵਿਚ ਤਬਦੀਲ ਕਰ ਦਿੱਤਾ ਗਿਆ ਜਿਥੇ ਕਿ ਭਾਈ ਗੁਰਬਕਸ਼ ਸਿੰਘ ਦੇ ਲਾਏ ਮੋਰਚੇ ਮਗਰੋਂ ਉਹਨਾਂ ਨੂੰ ਪੈਰੋਲ ਮਿਲਣੀ ਸ਼ੁਰੂ ਹੋਈ ਸੀ। ਸੋ ਭਾਈ ਸਾਹਿਬ ਦੀ ਰਿਹਾਈ ਦੇ ਹੁਕਮ ਤਾਂ ਜਾਰੀ ਹੋ ਚੁੱਕੇ ਹਨ,ਪਰ ਪੰਜਾਬ ਸਰਕਾਰ ਵੱਲੋਂ ਹੁਣ ਤਕ ਇਹਨਾਂ ਹੁਕਮਾਂ ਨੂੰ ਲਾਗੂ ਨਹੀਂ ਕੀਤਾ ਗਿਆ। ਉਮੀਦ ਹੈ ਜਲਦ ਹੀ ਇਹਨਾਂ ਹੁਕਮਾਂ ਦੀ ਤਾਮੀਲ ਹੋਵੇਗੀ ਤੇ ਭਾਈ ਸਾਹਿਬ ਪੱਕੇ ਤੌਰ ਤੇ ਘਰ ਵਾਪਸ ਪਰਤਣਗੇ।

About admin

Check Also

34 ਟਰੈਕਟਰ ਸ਼ੌਂਕ ਲਈ ਖਰੀਦ ਲਏ , ਵੀਡੀਓ ਦੇਖਕੇ ਆ ਜਾਵੇਗਾ ਨਜ਼ਾਰਾ

ਕਿਸਾਨ ਵੀਰੋ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪੰਜਾਬੀ ਵਿਅਕਤੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ …

Leave a Reply

Your email address will not be published. Required fields are marked *