20 Dollor ਦੀ ਫੀਸ ਤੇ ਰੌਲਾ ਕਿਉਂ ?? Kartarpur Corridor ਦੇ ਰਾਹ ਵਿਚ ਰੋੜੇ ਕਿਉਂ ?

ਜਿਵੇਂ ਕਿ 9 ਨਵੰਬਰ ਨੂੰ ਪਾਕਿਸਤਾਨ ਵਲੋਂ ਗੁਰਦਵਾਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤ ਵਲੋਂ ਅਜੇ ਅਜਿਹਾ ਕੋਈ ਬਿਆਨ ਭਾਵੇਂ ਸਾਹਮਣੇ ਨਹੀਂ ਆਇਆ ਪਰ ਦੋਹਾਂ ਅਪਸਿਓਂ ਲਾਂਘੇ ਦੀਆਂ ਤਿਆਰੀਆਂ ਦਾ ਕੰਮ ਜੋਰਾਂ ਸ਼ੋਰਾਂ ਨਾਲ ਚਲ ਰਿਹਾ। ਇਸ ਲਾਂਘੇ ਲਈ ਪਾਕਿਸਤਾਨ ਸਰਕਾਰ ਵਲੋਂ ਰੱਖੀ 20 ਡਾਲਰ ਦੀ ਫੀਸ ਦਾ ਮਾਮਲਾ ਲਗਾਤਾਰ ਚਰਚਾ ਵਿਚ ਚਲ ਰਿਹਾ ਹੈ। ਭਾਰਤ ਵਿਚਲੇ ਕਈ ਲੀਡਰਾਂ ਵਲੋਂ ਪਾਕਿਸਤਾਨ ਸਰਕਾਰ ਵਲੋਂ ਰੱਖੀ ਇਸ ਫੀਸ ਨੂੰ ਗਲਤ ਕਰਾਰ ਦਿੱਤਾ ਜਾ ਰਿਹਾ ਹੈ। ਭਾਵੇਂ ਉਹ ਅਕਾਲੀ ਲੀਡਰ ਬੀਬੀ ਹਰਸਿਮਰਤ ਬਾਦਲ ਹੋਣ,ਭਾਵੇਂ ਦਿੱਲੀ ਗੁਰਦਵਾਰਾ ਕਮੇਟੀ ਪ੍ਰਧਾਨ ਮਨਜਿੰਦਰ ਸਿਰਸਾ ਹੋਣ ਤੇ ਭਾਵੇਂ ਕੈਪਟਨ ਅਮਰਿੰਦਰ ਸਿੰਘ,ਸਭ ਇਹ ਆਖ ਰਹੇ ਹਨ ਕਿ ਇਹ ਸੰਗਤ ਲਈ 20 ਡਾਲਰ ਫੀਸ ਰੱਖਣੀ ਪਾਕਿਸਤਾਨ ਦਾ ਗਲਤ ਕਦਮ ਹੈ,ਇਸ ਫੀਸ ਨੂੰ ‘ਜਜੀਆ ਟੈਕਸ’ ਦਾ ਨਾਮ ਦਿੱਤਾ ਜਾ ਰਿਹਾ ਹੈ। ਇਹ ਫੀਸ ਭਾਰਤੀ ਕਰੰਸੀ ਅਨੁਸਾਰ ਕਰੀਬ 1500 ਰੁਪਏ ਬਣਦੀ ਹੈ। ਸਵਾਲ ਇਹ ਹੈ ਕਿ ਇਸ ਫੀਸ ਦੇ ਖਿਲਾਫ ਭਾਰਤੀ ਲੀਡਰਾਂ ਦੇ ਇਹ ਬਿਆਨ ਸਿਆਸਤ ਹਨ,ਪਾਕਿਸਤਾਨ ਨਾਲ ਨਫਰਤ ਹੈ ਜਾਂ ਸੱਚਮੁੱਚ ਪਾਕਿਸਤਾਨ ਵਲੋਂ ਇਹ ਫੀਸ ਰੱਖਣੀ ਗਲਤ ਹੈ ? ਆਓ ਇੱਕ ਵਾਰੀ ਵਿਚਾਰ ਕਰੀਏ ਕਿ ਕਿਤੇ ਲਾਂਘੇ ਨੂੰ ਰੋਕਣ ਲਈ ਤਾਂ ਅਜਿਹਾ ਨਹੀਂ ਕੀਤਾ ਜਾ ਰਿਹਾ ?? ਜੋ ਲੋਕ ਬਾਹਰਲੇ ਮੁਲਕਾਂ ਦਾ ਸਫ਼ਰ ਹਵਾਈ ਜਹਾਜ਼,ਸਮੁੰਦਰੀ ਜਹਾਜ਼ ਜਾਂ ਟਰੇਨ ਰਾਹੀਂ ਕਰਦੇ ਹਨ,ਉਹ ਜਾਣਦੇ ਹਨ ਇਹ ਵੀਜ਼ਾ ਫੀਸ ਹੁੰਦੀ ਹੈ ਜੋ ਹਰ ਮੁਲਕ ਵਲੋਂ ਲਈ ਜਾਂਦੀ ਹੈ। ਅਜਿਹੀ ਫੀਸ ਹਰ ਕੋਈ ਜਦੋਂ ਕਿਸੇ ਦੂਜੇ ਦੇਸ਼ ਵਿਚ ਜਾਂਦਾ ਹੈ,ਇਹ ਵੀਜਾ ਫੀਸ ਭਰ ਕੇ ਜਾਂਦਾ ਹੈ। ਸਫ਼ਰ ਦੀਆਂ ਟਿਕਟਾਂ ਵਿਚ ਏਅਰ ਪੋਰਟਾਂ ਦੇ ਖਰਚੇ ਤੇ ਟੈਕਸ ਸ਼ਾਮਿਲ ਹੁੰਦਾ ਹੈ। ਇਹ ਪਰਕਿਰਿਆ ਹਰ ਮੁਲਕ ਵਿਚ ਚਲਦੀ ਹੈ।
ਭਾਰਤ ਤੋਂ ਵੱਡੀ ਗਿਣਤੀ ਵਿਚ ਸੰਗਤ ਨੇ ਪਾਕਿਸਤਾਨ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਣਾ ਹੈ। ਪਾਕਿਸਤਾਨ ਹਕੂਮਤ ਦਾ ਉਨ੍ਹਾਂ ਤੇ ਸਿਕਿਉਰਟੀ ਖਰਚਾ,ਬੱਸਾਂ ਦਾ ਖਰਚਾ,ਲੰਗਰ ਆਦਿ ਚੱਲਣਾ ਹੈ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਜੋ ਸੰਗਤ ਨੂੰ ਮੁਹਈਆਂ ਕਰਵਾਈਆਂ ਜਾਣੀਆਂ ਹਨ। ਜਿਵੇਂ ਕਿ ਤਸਵੀਰਾਂ ਸਾਹਮਣੇ ਆ ਰਹੀਆਂ ਹਨ,ਗੁਰਦਵਾਰਾ ਕਰਤਾਰਪੁਰ ਸਾਹਿਬ ਦਾ ਆਲਾ ਦੁਆਲਾ Develop ਕੀਤਾ ਗਿਆ ਹੈ,ਸਰਾਵਾਂ ਬਣਾਈਆਂ ਗਈਆਂ ਹਨ,ਦਰਬਾਰ ਸਾਹਿਬ ਨੂੰ ਖੂਬਸੂਰਤ ਬਣਾਇਆ ਗਿਆ ਹੈ,ਲੰਗਰ ਹਾਲ ਹੈਮਿਸਤੋਂ ਇਲਾਵਾ ਇਸ ਲਾਂਘੇ ਲਈ ਸਰਹੱਦ ਤੋਂ ਨਿਰਮਾਣ ਕਾਰਜ ਦੁਆਰਾ ਪੁਲ-ਸੜਕ-ਇਮੀਗ੍ਰੇਸ਼ਨ ਬਿਲਡਿੰਗ ਆਦਿ ਸਭ ਕੁਝ ਬਣਾਇਆ ਗਿਆ ਹੈ।ਪਾਕਿਸਤਾਨ ਦਾ ਇਹ ਸਾਰਾ ਸਿਸਟਮ ਪੈਸੇ ਨਾਲ ਪੂਰਾ ਹੋਇਆ ਤੇ ਤੇ ਅੱਗੇ ਵੀ ਪੈਸੇ ਨਾਲ ਹੀ ਚਲਣਾ ਹੈ। ਪਾਠਕਾਂ ਦੀ ਜਾਣਕਾਰੀ ਹਿੱਤ ਦੱਸ ਦਈਏ ਕਿ ਇੰਗਲੈਂਡ ਤੋਂ ਪਾਕਿਸਤਾਨ ਜਾਣ ਵਾਲਿਆਂ ਦਾ ਕੁਲ ਯਾਤਰਾ ਖਰਚਾ 1200 ਪੌਂਡ ਦੇ ਲੱਗਭੱਗ ਹੈ। ਇਹ ਖਰਚਾ ਸੰਗਤ ਖੁਸ਼ੀ-ਖੁਸ਼ੀ ਕਰਦੀ ਹੈ। ਅਜਿਹੇ ਵਿਚ ਭਾਰਤ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਦਾ ਖਰਚਾ 20 ਡਾਲਰ ਜੋ ਕਰੀਬ 1500 ਰੁਪਏ ਬਣਦਾ ਹੈ,ਮਾਮੂਲੀ ਜਿਹਾ ਖਰਚਾ ਹੈ।
ਜੇਕਰ ਭਾਰਤ ਦੇ ਇਹਨਾਂ ਲੀਡਰਾਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਰਾਜ ਵਿਚ ਬਣੇ ਸਿਰਫ ਟੋਲ ਪਲਾਜ਼ੇ ਹੀ ਰੋਜ ਲੋਕਾਂ ਦੀ ਲੁੱਟ ਕਰਦੇ ਹਨ,ਬਾਕੀ ਦੀ ਲੁੱਟ ਵੱਖਰੀ ਹੈ ਪਰ ਇਹ ਲੀਡਰ ਉਦੋਂ ਚੁੱਪ ਕਿਉਂ ਹਨ ? ਇਸਤੋਂ ਇਲਾਵਾ ਜੋ ਲੋਕ ਟੈਕਸ ਭਰਦੇ ਹਨ,ਉਸਦੇ ਮੁਕਾਬਲੇ ਕਿੰਨੀਆਂ ਕੁ ਸਹੂਲਤਾਂ ਹਨ ਜੋ ਲੋਕਾਂ ਨੂੰ ਮਿਲਦੀਆਂ ਹਨ,ਇਹ ਕਿਸੇ ਤੋਂ ਲੁਕਿਆ ਨਹੀਂ !! ਜੇ ਦਰਬਾਰ ਸਾਹਿਬ ਨੂੰ ਜਾਣਾ ਹੋਵੇ ਤਾਂ ਰਾਹ ਵਿਚ ਕਿੰਨੇ ਟੋਲ ਲੰਘਕੇ ਜਾਣਾ ਪੈਂਦਾ,ਇਹ ਗੱਲ ਇਹ ਲੀਡਰ ਕਿਉਂ ਨਹੀਂ ਸੋਚਦੇ ? ਪਾਕਿਸਤਾਨ ਨਾਲ ਨਫਰਤ-ਪਾਕਿਸਤਾਨ ਦੁਸ਼ਮਣ ਮੁਲਕ,ਇਹ ਗੱਲਾਂ ਹੁਣ ਲੋਕਾਂ ਨੂੰ ਸਮਝ ਆ ਚੁੱਕੀਆਂ ਹਨ ਤੇ ਇਹ ਗੱਲ ਇਹਨਾਂ ਲੀਡਰਾਂ ਨੂੰ ਵੀ ਸਮਝਣੀ ਚਾਹੀਦੀ ਹੈ। ਜੇ ਪਾਕਿਸਤਾਨ ਨਾਲ ਇਹਨੇ ਸਾਲਾਂ ਬਾਅਦ ਲਾਂਘੇ ਨਾਲ ਰਿਸ਼ਤੇ ਸੁਧਰਨ ਦੀ ਕਵਾਇਦ ਸ਼ੁਰੂ ਹੋਈ ਹੈ ਤਾਂ ਇਸ ਨੂੰ ਬਾਬੇ ਨਾਨਕ ਦੀ ਰਹਿਮਤ ਸਮਝਣਾ ਚਾਹੀਦਾ ਹੈ। ਜਿਨਾਂ ਅਸਥਾਨਾਂ ਦੇ ਸਿੱਖ ਹਰ ਸਮੇਂ ਦਰਸ਼ਨਾਂ ਦੀ ਤਾਂਘ ਦੀ ਅਰਦਾਸ ਕਰਦੇ ਹਨ ਤਾਂ ਉਹ ਅਰਦਾਸ ਹੁਣ ਪੂਰੀ ਹੋਣ ਜਾ ਰਹੀ ਤਾਂ ਇਸ ਵਿਚ ਸਿਆਸਤ ਕਿਉਂ ਵਾੜੀ ਜਾ ਰਹੀ ਹੈ ?? ਸੋ ਬੇਨਤੀ ਹੈ ਕਿ ਅਜਿਹੇ ਮੌਕੇ ਚਾਹੀਦਾ ਹੈ ਇਮਰਾਨ ਖਾਨ ਦੇ ਇਸ ਪਵਿੱਤਰ ਕਾਰਜ ਦੀ ਸਿਫ਼ਤ ਕੀਤੀ ਜਾਵੇ,ਘਟੀਆ ਬਿਆਨਬਾਜ਼ੀ ਕਰਕੇ ਪਾਕਿਸਤਾਨ ਖਿਲਾਫ਼ ਨਫ਼ਰਤ ਨਾ ਪੈਦਾ ਕੀਤੀ ਜਾਵੇ। ਮਿਹਰਬਾਨੀ ਕਰਕੇ ਇਹ ਲਾਂਘਾ ਖੁੱਲ੍ਹਣ ਦਿੱਤਾ ਜਾਵੇ। ਵਾਹਿਗੁਰੂ ਕਰੇ ਸਿੱਖ ਇਸੇ ਤਰਾਂ ਕਿਸੇ ਦਿਨ ਸ੍ਰੀ ਨਨਕਾਣਾ ਸਾਹਿਬ ਦੇ ਵੀ ਖੁੱਲੇ ਦਰਸ਼ਨ ਦੀਦਾਰੇ ਕਰਨ….