1000 ਰੁਪਏ ਘੱਟ ਕੀਮਤ ‘ਤੇ ਵਿਕ ਰਿਹਾ ਹੈ ਨਰਮਾ, ਜਾਣੋ ਅੱਜ ਦੀ ਕੀਮਤ

ਪਿਛਲੇ ਕੁੱਝ ਦਿਨਾਂ ਤੋਂ ਉੱਤਰ ਭਾਰਤ ਦੀਆਂ ਮੰਡੀਆਂ ਵਿੱਚ ਨਰਮੇ ਦੀ ਆਮਦ ਲਗਾਤਾਰ ਵੱਧਦੀ ਜਾ ਰਹੀ ਹੈ। ਪਰ ਪੰਜਾਬ ਦੇ ਮਾਲਵੇ ਇਲਾਕੇ ਵਿੱਚ ਸਰਕਾਰੀ ਖਰੀਦ ਨਾ ਹੋਣ ਕਰਕੇ ਕਿਸਾਨਾਂ ਨੂੰ ਨਰਮਾ ਘੱਟੋ ਘੱਟ ਸਮਰਥਨ ਮੁੱਲ ਤੋਂ ਬਹੁਤ ਘੱਟ ਕੀਮਤ ਤੇ ਵੇਚਣਾ ਪੈ ਰਿਹਾ ਹੈ। ਸਰਕਾਰ ਨੇ ਸਾਲ 2020-21 ਦੌਰਾਨ ਨਰਮੇ ਦਾ MSP 5255 ਰੁਪਏ ਪ੍ਰਤੀ ਕੁਇੰਟਲ ਤੋਂ ਵਧਾਕੇ 5515 ਰੁਪਏ ਕਰ ਦਿੱਤਾ ਹੈ ਪਰ ਮਾਲਵੇ ਇਹ ਸਿਰਫ 5000 ਰੁਪਏ ਪ੍ਰਤੀ ਕੁਇੰਟਲ ਦੇ ਕਰੀਬ ਹੀ ਲੱਗ ਰਿਹਾ ਹੈ।ਬਠਿੰਡਾ ਜ਼ਿਲ੍ਹੇ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਭੁੱਚੋ ਮੰਡੀ ਵਿੱਚ ਉਨ੍ਹਾਂ ਨੂੰ ਨਰਮੇ ਦਾ ਮੁੱਲ ਲਗਭਗ 4900 ਤੋਂ 5000 ਰੁਪਏ ਪ੍ਰਤੀ ਕੁਇੰਟਲ ਮਿਲ ਰਿਹਾ ਹੈ। ਉੱਥੇ ਹੀ ਜੇਕਰ ਸਰਕਾਰੀ ਖਰੀਦ ਹੁੰਦੀ ਹੈ ਤਾਂ 5200 ਰੁਪਏ ਪ੍ਰਤੀ ਕੁਇੰਟਲ ਦੇ ਕਰੀਬ ਨਰਮੇ ਦਾ ਮੁੱਲ ਮਿਲ ਸਕਦਾ ਹੈ। ਇਸੇ ਤਰਾਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਹਕੁਵਾਲ ਦੇ ਕਿਸਾਨ ਹਰਨੇਕ ਸਿੰਘ ਦਾ ਕਹਿਣਾ ਹੈ ਕਿ ਉਹ 25 ਏਕੜ ਵਿਚ ਨਰਮੇ ਦੀ ਖੇਤੀ ਕਰਦੇ ਹਨ।ਉਨ੍ਹਾਂ ਨੇ ਮਲੋਟ ਮੰਡੀ ਵਿੱਚ 00 ਮਣ ਨਰਮਾ 4800 ਤੋਂ 5000 ਰੁਪਏ ਪ੍ਰਤੀ ਕੁਇੰਟਲ ਦੇ ਮੁੱਲ ਤੇ ਵੇਚਿਆ। ਇਸ ਕਿਸਾਨ ਨੇ ਕਿਹਾ ਕਿ ਪਹਿਲੀ ਚੁਗਾਈ ਦੇ ਨਰਮੇ ਦਾ ਘੱਟ ਮੁੱਲ ਲਗਦਾ ਹੈ। ਇਸਦਾ ਇੱਕ ਵੱਡਾ ਕਾਰਨ ਹੈ ਇਸ ਵਿੱਚ ਨਮੀ ਜ਼ਿਆਦਾ ਹੋਣਾ ਤੇ ਦੂਸਰਾ ਸ਼ੁਰੂਆਤ ਵਿੱਚ ਜ਼ਿਆਦਾਤਰ ਨਰਮਾ ਫੁੱਟਾਂ ਵਾਲਾ ਨਹੀਂ ਹੁੰਦਾ। ਹਾਲਾਂਕਿ ਉਨ੍ਹਾਂ ਨੂੰ ਉਮੀਦ ਹੈ ਕਿ ਦੂਜੀ ਚੁਗਾਈ ਵੇਲੇ ਉਨ੍ਹਾਂ ਨੂੰ ਚੰਗਾ ਮੁਲ ਮਿਲੇਗਾ।
ਇਸ ਸਬੰਧੀ ਭੁੱਚੋ ਮੰਡੀ ਦੇ ਆੜ੍ਹਤੀਆਂ ਦਾ ਕਹਿਣਾ ਹੈ ਕਿ 8 ਦਿਨਾਂ ਤੋਂ ਨਰਮਾ ਮੰਡੀ ਵਿਚ ਆ ਰਿਹਾ ਹੈ। ਨਰਮੇ ਦਾ ਮੁੱਲ ੪੮੫੦ ਤੋਂ 5000 ਰੁਪਏ ਪ੍ਰਤੀ ਕੁਇੰਟਲ ਹੀ ਹੈ। ਨਮੀ ਜਿਆਦਾ ਹੋਣ ਕਾਰਣ ਹਾਲੇ ਤੱਕ ਸਰਕਾਰੀ ਖਰੀਦ ਸ਼ੁਰੂ ਨਹੀਂ ਹੋਈ ਹੈ। ਸਰਕਾਰੀ ਖਰੀਦ ਸ਼ੁਰੂ ਹੋਣ ਤੋਂ ਬਾਅਦ ਭਾਅ ਵਿੱਚ ਤੇਜ਼ੀ ਆ ਸਕਦੀ ਹੈ।ਇਸੇ ਤਰਾਂ ਮਲੋਟ ਮੰਡੀ ਦੇ ਆੜ੍ਹਤੀਆਂ ਦਾ ਕਹਿਣਾ ਹੈ ਕਿ 15 ਸਤੰਬਰ ਤੋਂ ਨਰਮਾ ਆ ਰਿਹਾ ਹੈ ਅਤੇ ਨਰਮੇ ਦਾ ਮੁੱਲ 5000 ਰੁਪਏ ਪ੍ਰਤੀ ਕੁਇੰਟਲ ਚੱਲ ਰਿਹਾ ਹੈ। ਆੜ੍ਹਤੀਆਂ ਅਤੇ ਕਿਸਾਨਾਂ ਨੂੰ ਉਮੀਦ ਹੈ ਕਿ ਅਗਲੇ 10 ਦਿਨਾਂ ਤੱਕ ਪੰਜਾਬ ਵਿਚ ਵੀ ਨਰਮੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਜਾਵੇਗੀ।