ਸਿੱਖਾਂ ਤੇ ਹਮਲੇ ਹੋਣੇ ਕਦ ਬੰਦ ਹੋਣਗੇ, ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਕੀਤੀ ਦੁਰਗਾ ਪੂਜਾ

ਅਜੇ ਅਸੀਂ ਪਰਸੋ ਹੀ ਇੱਕ ਵੀਡੀਓ ਪੋਸਟ ਕੀਤੀ ਸੀ ਜਿਸ ਵਿਚ ਇੱਕ ਰਾਮਲੀਲਾ ਵਿਚ ਜਿਥੇ ਇੱਕ ਤਾਂ ਗੁਰੂ ਨਾਨਕ ਦੇਵ ਜੀ ਦਾ ਰੋਲ ਇੱਕ ਇਨਸਾਨ ਵਲੋਂ ਕੀਤਾ ਗਿਆ ਓਥੇ ਹੀ ਰਾਮਲੀਲਾ ਵਿਚ ਹੀ ਮੂਲ ਮੰਤਰ ਦੇ ਪਾਠ ਸ਼ਬਦ ਤੇ ਨਾਚ ਕੀਤਾ ਗਿਆ। ਅਜਿਹੀ ਹੀ ਇੱਕ ਹੋਰ ਵੀਡੀਓ ਪਿੱਛੇ ਜਿਹੇ ਵੀ ਵਾਇਰਲ ਹੋਈ ਸੀ ਜਿਸ ਵਿਚ ਰਾਸ਼ਟਰਪਤੀ ਭਵਨ ਵਿਚ ਕਰਵਾਏ ਸਮਾਗਮ ਵਿਚ ਮੂਲ ਮੰਤਰ ਤੇ ਨਾਚ ਕੀਤਾ ਗਿਆ ਸੀ। ਇਸਤੋਂ ਬਾਅਦ ਪਿਛਲੇ ਦਿਨੀ ਹਿੰਦੂ ਦੇਵਤੇ ਗਣੇਸ਼ ਦੇ ਸਿਰ ਦਸਤਾਰ ਸਜਾਕੇ ਉਸਨੂੰ ਗੁਰੂ ਗਰੰਥ ਸਾਹਿਬ ਜੀ ਤੇ ਚੌਰ ਕਰਦਾ ਦਿਖਾਇਆ ਗਿਆ ਤੇ ਨਾਲ ਹੀ ਗੁਰਦਵਾਰਾ ਸਾਹਿਬ ਦਾ ਮਾਡਲ ਬਣਾਕੇ 3 ਚੂਹੇ ਕੀਰਤਨ ਕਰਦੇ ਦਿਖਾਏ ਗਏ। ਅਜਿਹੀਆਂ ਸਿੱਖ ਵਿਰੋਧ ਘਟਨਾਵਾਂ ਵਿਚ ਹੋਰ ਵਾਧਾ ਕਰਦਿਆਂ ਹੁਣ ਇੱਕ ਹੋਰ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਵਿੱਚ ਦੁਰਗਾ ਦੀ ਮੂਰਤੀ ਲਾ ਕੇ ਗੁਰਬਾਣੀ ਦਾ ਗਾਇਨ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਹ ਵੀਡੀਓ ਪੱਛਮੀ ਬੰਗਾਲ ਦੀ ਹੈ ਜਿਥੇ ਦੁਰਗਾ ਪੂਜਾ ਮੌਕੇ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਬਣਾਇਆ ਗਿਆ ਤੇ ਇਸ ਵਿਚ ਦੁਰਗਾ ਦੀ ਮੂਰਤੀ ਲਗਾਕੇ ਪੂਜਾ ਕੀਤੀ ਗਈ। ਇਹ ਵੀ ਪਤਾ ਲੱਗਾ ਹੈ ਕਿ ਇਸੱਦੇ ਲਈ ਸਥਾਨਕ ਗੁਰਦਵਾਰਾ ਕਮੇਟੀ ਤੋਂ ਪ੍ਰਵਾਨਗੀ ਵੀ ਲਈ ਗਈ ਹੈ ਪਰ ਵੱਡੀ ਗੱਲ ਇਹ ਹੈ ਕਿ ਕੀ ਅਜਿਹਾ ਕਰਨਾ ਸਿੱਖ ਸਿਧਾਂਤਾਂ ਦੀ ਉਲੰਘਣਾ ਨਹੀਂ ? ਕੀ ਗੁਰਦਵਾਰਾ ਕਮੇਟੀ ਕੋਲ ਇਹ ਹੱਕ ਹੈ ਕਿ ਉਹ ਕਿਸੇ ਨੂੰ ਅਜਿਹੀ ਹਰਕਤ ਕਰਨ ਦੀ ਪ੍ਰਵਾਨਗੀ ਦੇਵੇ ? ਸਿੱਖੀ ਤੇ ਹੁੰਦੇ ਨਿੱਤ ਹਮਲਿਆਂ ਤੋਂ ਸਿੱਖੀ ਦੇ ਠੇਕੇਦਾਰ ਘੇਸਲ ਵੱਟੀ ਬੈਠੇ ਹਨ। ਅਖਬਾਰਾਂ ਵਿਚ ਅਜਿਹੀਆਂ ਘਟਨਾਵਾਂ ਦੀ ਪੁਰਜ਼ੋਰ ਨਿੰਦਾ ਤੋਂ ਇਲਾਵਾ ਜੇਕਰ ਅਕਾਲ ਤਖ਼ਤ ਤੇ ਬੈਠੇ ਜਥੇਦਾਰ ਪਹਿਲੀਆਂ ਘਟਨਾਵਾਂ ਤੇ ਕੋਈ ਵੱਡੀ ਕਾਰਵਾਈ ਕਰਦੇ ਹੁੰਦੇ ਤਾਂ ਅੱਗੇ ਤੋਂ ਅਜਿਹੀਆਂ ਘਟਨਾਵਾਂ ਨਾ ਵਾਪਰਦੀਆਂ ਪਰ ਕੌਮ ਦੀ ਹੁੰਦੀ ਦੁਰਦਸ਼ਾ ਤੇ ਕੋਈ ਵੀ ਨਹੀਂ ਕੁਸਕਦਾ।