ਸਾਨੂੰ ਹੁਣ ਸਿਰਫ ਗੋਲੀਆਂ ਹੀ ਹਟਾ ਸਕਦੀਆਂ ਨੇ, ਕਿਸਾਨਾਂ ਦਾ ਡੇਰਾ ਬਿਆਸ ਖਿਲਾਫ ਐਲਾਨ

ਡੇਰਾ ਰਾਧਾ ਸੁਆਮੀ ਬਿਆਸ ਦੇ ਪ੍ਰਬੰਧਕਾਂ ਵਲੋ ਗ਼ਰੀਬ ਕਿਸਾਨਾਂ ਦੀਆ ਜ਼ਮੀਨਾਂ ’ਤੇ ਨਜਾਇਜ਼ ਕਬਜ਼ਿਆਂ ਵਿਰੁੱਧ ਕਸਬਾ ਬਿਆਸ ਪੁਲ ਥੱਲੇ ਲਾਇਆ ਧਰਨਾ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ ਹੈ। ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅੱਜ ਖ਼ੁਦ ਧਰਨਾਕਾਰੀਆਂ ਕੋਲ ਪੁੱਜੇ ਅਤੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ। ਇਸ ਮੌਕੇ ਬਲਦੇਵ ਸਿੰਘ ਸਿਰਸਾ ਅਤੇ ਅਮਰਜੀਤ ਸਿੰਘ ਅੰਬਾ ਨੇ ਕਿਹਾ ਕਿ ਪੀੜਤ ਕਿਸਾਨਾਂ ਵੱਲੋਂ ਬਿਆਸ ਵਿੱਚ ਕਰੀਬ ਦੋ ਮਹੀਨੇ ਪਹਿਲਾਂ ਕੁਝ ਦਿਨ ਭੁੱਖ ਹੜਤਾਲ ਕਰਨ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਡੇਰੇ ਦੇ ਨੁਮਾਇੰਦਿਆਂ ਦਰਮਿਆਨ ਇਕ ਸਮਝੌਤਾ ਕੀਤਾ ਗਿਆ ਸੀ ਕਿ ਇਕ ਹਫ਼ਤੇ ਦੇ ਅੰਦਰ ਕਿਸਾਨ ਰਾਜਿੰਦਰ ਸਿੰਘ, ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਕੇ ਕਬਜ਼ੇ ਹੇਠਲੀ ਜ਼ਮੀਨ ਵਾਪਸ ਕਰਵਾ ਦਿੱਤੀ ਜਾਵੇਗੀ । ਉਨ੍ਹਾਂ ਦੋਸ਼ ਲਾਇਆ ਕਿ ਦੋ ਮਹੀਨੇ ਬੀਤ ਜਾਣ ’ਤੇ ਵੀ ਉਹ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ ਅਤੇ ਲਗਾਤਾਰ ਟਾਲਮਟੋਲ ਕੀਤਾ ਜਾ ਰਿਹਾ ਹੈ ।
ਇਸ ਮੌਕੇ ਭਾਈ ਸਿਰਸਾ ਨੇ ਦੱਸਿਆ ਕਿ ਅੱਜ ਸਵੇਰੇ ਡੇਰਾ ਰਾਧਾ ਸੁਆਮੀ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਧਰਨੇ ਵਾਲੀ ਜਗਾ ਆਏ ਸਨ ਉਨ੍ਹਾਂ ਹਾਲ ਚਾਲ ਪੁੱਛਣ ਉਪਰੰਤ ਚਲੇ ਗਏ ਜ਼ਮੀਨ ਵਿਵਾਦ ਸਬੰਧੀ ਕੋਈ ਗੱਲਬਾਤ ਨਹੀਂ ਕੀਤੀ ਇਸ ਕਰਕੇ ਧਰਨਾ ਚੁੱਕਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਭਾਈ ਸਿਰਸਾ ਨੇ ਬਾਬਾ ਬਕਾਲਾ ਦੇ ਡੀਐੱਸਪੀ ਹਰਕਿਸ਼ਨ ਸਿੰਘ ’ਤੇ ਦੋਸ਼ ਲਾਉਂਦਿਆਂ ਪੰਜਾਬ ਪੁਲੀਸ ਮੁਖੀ ਨੂੰ ਪੱਤਰ ਭੇਜ ਕੇ ਮੰਗ ਕੀਤੀ ਉਕਤ ਅਧਿਕਾਰੀ ਡੇਰਾ ਰਾਧਾ ਸੁਆਮੀ ਦਾ ਪੈਰੋਕਾਰ ਹੈ ਉਹ ਉਨ੍ਹਾਂ ਦਾ ਕੋਈ ਵੀ ਨੁਕਸਾਨ ਕਰ ਸਕਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਡੇਰਾ ਮੁਖੀ ਬਾਬਾ ਢਿੱਲੋਂ ਜਿਸ ਵਕਤ ਧਰਨਾਕਾਰੀਆਂ ਕੋਲ ਪੁੱਜੇ ਤਾਂ ਬਾਬੇ ਦੇ ਸੁਰੱਖਿਆ ਗਾਰਡਾਂ ਨੇ ਉੱਥੇ ਮੋਬਾਈਲ ਫ਼ੋਨ ’ਤੇ ਗਲ ਕਰ ਰਹੇ ਖ਼ੁਫੀਆ ਸ਼ਾਖਾ ਦੇ ਪੁਲੀਸ ਕਰਮਚਾਰੀ ਤੋ ਉਸ ਦਾ ਫ਼ੋਨ ਖੋਹ ਲਿਆ ਜੋ ਫ਼ੋਟੋ ਡਿਲੀਟ ਕਰਨ ਉਪਰੰਤ ਦੋ ਘੰਟੇ ਬਾਅਦ ਵਾਪਸ ਕੀਤਾ ਗਿਆ। ਜਥੇਦਾਰ ਹਵਾਰਾ ਕਮੇਟੀ ਨੇ ਕੀਤੀ ਧਰਨੇ ਦੀ ਹਮਾਇਤ..
ਅੰਮ੍ਰਿਤਸਰ (ਪੱਤਰ ਪ੍ਰੇਰਕ): ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਨਿਗਰਾਨੀ ਹੇਠ ਕਾਰਜਸ਼ੀਲ 21 ਮੈਂਬਰੀ ਕਮੇਟੀ ਨੇ ਕਿਸਾਨਾਂ ਦੀ ਜ਼ਮੀਨਾਂ ਨਾਜਾਇਜ਼ ਢੰਗ ਨਾਲ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਆਪਣੇ ਕਬਜ਼ੇ ਵਿੱਚ ਲਏ ਜਾਣ ਦਾ ਸਖ਼ਤ ਨੋਟਿਸ ਲੈਂਦਿਆਂ ਭਾਈ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਹੇਠ ਆਰੰਭੇ ਧਰਨੇ ਦਾ ਪੁਰਜ਼ੋਰ ਸਮਰਥਨ ਕੀਤਾ ਹੈ। ਕਮੇਟੀ ਆਗੂ ਐਡਵੋਕੇਟ ਅਮਰ ਸਿੰਘ ਚਾਹਲ, ਮਾਸਟਰ ਸੰਤੋਖ ਸਿੰਘ, ਬਾਪੂ ਗੁਰਚਰਨ ਸਿੰਘ, ਭਾਈ ਨਰੈਣ ਸਿੰਘ ਚੌੜਾ, ਐਡਵੋਕੇਟ ਦਿਲਸ਼ੇਰ ਸਿੰਘ ਜੰਡਿਆਲਾ, ਭਾਈ ਮਹਾਂਬੀਰ ਸਿੰਘ ਸੁਲਤਾਨਵਿੰਡ ਅਤੇ ਮੁੱਖ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਡੇਰੇ ਦੇ ਨੁਮਾਇੰਦਿਆਂ ਵੱਲੋਂ ਪੀੜਤ ਕਿਸਾਨਾਂ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਕੇ ਇਨਸਾਫ਼ ਦੇਣ ਦਾ ਜੋ ਸਮਝੌਤਾ ਕੀਤਾ ਗਿਆ ਸੀ, ਉਹ ਪ੍ਰਸ਼ਾਸਨ ਦੀ ਬਦਨੀਤੀ ਕਾਰਨ ਨੇਪਰੇ ਨਹੀਂ ਚੜ੍ਹ ਸਕਿਆ। ਨਿਸ਼ਾਨਦੇਹੀ ਕਰਨ ਸਬੰਧੀ ਬਣਦੀ ਸਰਕਾਰੀ ਫੀਸ ਵੀ ਅਦਾ ਕਰ ਦਿੱਤੀ ਗਈ ਹੈ। ਕਮੇਟੀ ਆਗੂਆਂ ਨੇ ਦੋਸ਼ ਲਾਇਆ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਆਪਣਾ ਸਰਕਾਰੀ ਅਸਰ ਰਸੂਖ਼ ਵਰਤ ਕੇ ਗਰੀਬ ਕਿਸਾਨਾਂ, ਜਿਨ੍ਹਾਂ ਵਿੱਚ ਅਪਾਹਜ ਕਿਸਾਨ ਰਾਜਿੰਦਰ ਸਿੰਘ ਵੀ ਸ਼ਾਮਲ ਹੈ, ਨਾਲ ਧੱਕਾ ਕਰ ਰਿਹਾ ਹੈ।