ਭਗਤ ਪੂਰਨ ਸਿੰਘ ਵਲੋਂ Padam Sri ਦੀ ਵਾਪਸੀ | Surkhab TV

ਮਾਨਵਤਾ ਤੇ ਸ਼ਾਤੀ ਦੇ ਅਮਰ ਪੁਜਾਰੀ ਭਗਤ ਪੂਰਨ ਸਿੰਘ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਰਾਜੇਵਾਲ ਰੋਹਣੋ ਪਿੰਡ ਵਿਚ ਇਕ ਹਿੰਦੂ ਪਰਿਵਾਰ ਦੇ ਲਾਲਾ ਸ਼ਿਬੂ ( ਸ਼ਿਵ ) ਮੱਲ ਦੇ ਘਰ ਮਾਈ ਮਹਿਤਾਬ ਕੌਰ ਦੀ ਕੁੱਖੋਂ 4 ਜੂਨ 1904 ਈ. ਵਿਚ ਹੋਇਆ । ਉਨ੍ਹਾਂ ਦਾ ਪਿਤਾ ਜੀ ਸ਼ਾਹੂਕਾਰੇ ਦਾ ਕੰਮ ਕਰਦੇ ਸੀ । ਉਨ੍ਹਾਂ ਦਾ ਮੁਢਲਾ ਨਾਂ ਰਾਮਜੀ ਦਾਸ ਸੀ । ਸੰਨ 1914 ਈ. ਦੇ ਭਿਆਨਕ ਕਾਲ ਨੇ ਇਨ੍ਹਾਂ ਦੇ ਪਰਿਵਾਰਿਕ ਰੋਜ਼ਗਾਰ ਨੂੰ ਬਰਬਾਦ ਕਰ ਦਿੱਤਾ । ਸਾਰਾ ਪਰਿਵਾਰ ਦਰ ਦਰ ਭਟਕਣ ਲਗ ਗਿਆ । ਕੁਝ ਸਮਾਂ ਭਗਤ ਜੀ ਨੇ ਖੰਨੇ ਦੇ ਸਕੂਲ ਵਿਚ ਤਾਲੀਮ ਹਾਸਲ ਕੀਤੀ ।ਰਾਮ ਜੀ ਦਾਸ ਦੇ ਬਚਪਨ ਦੇ ਸੰਸਕਾਰ ਧਾਰਮਿਕ ਵਿਚਾਰਾਂ ਵਾਲੀ ਮਾਂ ਦੀ ਸਿੱਖਿਆ ਕਰਕੇ ਕੱਟੜ ਸਨਾਤਨ ਧਰਮੀ ਬਣ ਚੁੱਕੇ ਸਨ।ਉਹ ਹਨੂਮਾਨ ਚਾਲੀਸੇ ਦਾ ਪਾਠ ਰੋਜ ਕਰਦੇ ਤੇ ਹਫ਼ਤੇ ਵਿੱਚ 3 ਦਿਨ ਵਰਤ ਰੱਖਦੇ ਸਨ।ਸੰਨ 1923 ਵਿੱਚ ਆਪ ਨੇ ਲੁਧਿਆਣੇ ਜਦ ਦਸਵੀਂ ਦਾ ਇਮਤਿਹਾਨ ਦਿੱਤਾ ਤਾਂ ਉਸ ਤੋ ਬਾਅਦ ਉਹ ਲੁਧਿਆਣਾ ਸ਼ਿਵ ਜੀ ਦੇ ਮੰਦਿਰ ਦਰਸ਼ਨ ਕਰਨ ਚਲੇ ਗਏ, ਭਗਤ ਜੀ ਨੇ ਉੱਥੇ ਖੂਹ ਵਿਚੋ ਪਾਣੀ ਕੱਢ ਕੇ ਠਾਕੁਰਾਂ ਦੀਆਂ ਮੂਰਤੀਆਂ ਨੂੰ ਇਸ਼ਨਾਨ ਕਰਵਾਇਆ,ਜਿਸ ਤੇ ਮਿੱਟੀ ਬਹੁੱਤ ਜੰਮੀ ਹੋਈ ਸੀ।ਉਪੰਰਤ ਠਾਕੁਰਾਂ ਨੂੰ ਨਿਸ਼ਚਿਤ ਥਾਂ ਤੇ ਟਿਕਾ ਕੇ ਡੰਡਉਤ ਬੰਦਨਾ ਕੀਤੀ।ਇਹ ਸਭ ਕੁਝ ਦੇਖ ਕੇ ਮੰਦਿਰ ਦਾ ਪੁਜਾਰੀ ਤੇ ਉੱਥੇ ਪੜਨ ਵਾਲੇ 5 ਵਿਦਿਆਰਥੀ ਬਹੁਤ ਹੈਰਾਨ ਹੋਏ।ਉਸ ਤੋ ਬਾਅਦ ਰੋਟੀ ਖਾਣ ਦਾ ਵੇਲਾ ਹੋ ਗਿਆ ਤਾਂ ਰਾਮ ਜੀ ਦਾਸ ਵੀ ਰੋਟੀ ਖਾਣ ਬੈਠ ਗਏ ਤਾਂ ਪੁਜਾਰੀ ਨੇ ਬਾਂਹ ਤੋ ਫੜ ਕੇ ਉੱਠਾ ਦਿੱਤਾ।ਉਹਨਾਂ ਦੇ ਮਨ ਤੇ ਬਹੁਤ ਠੇਸ ਲੱਗੀ ਤੇ ਉਹ ਰੋਣਹਾਕੇ ਹੋ ਗਏ।ਉਸ ਰਾਤ ਭੁੱਖੇ ਸੋਣ ਤੋ ਬਾਅਦ ਅਗਲੇ ਦਿਨ ਭੁੱਖਣ-ਭਾਣੇ ਲੁਧਿਆਣਾ ਤੋ ਪੈਦਲ ਹੀ ਖੰਨੇ ਵੱਲ ਚੱਲ ਪਏ।ਰਸਤੇ ਵਿੱਚ ਗੁਰਦੁਆਰਾ ਰੇਰੂ ਸਾਹਿਬ,ਸਾਹਨੇਵਾਲ ਰੁਕੇ ਤਾਂ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਉਪੰਰਤ ਨਗਾਰਾ ਵੱਜਿਆ ਜੋ ਇਸ ਗਲ ਦਾ ਸੰਕੇਤ ਸੀ ਕਿ ਲੰਗਰ ਵਿੱਚ ਸੰਗਤ ਪੁੱਜ ਜਾਵੇ।ਆਪ ਜੀ ਵੀ ਪੰਗਤ ਵਿੱਚ ਬੈਠੇ ਤੇ ਦੇਖਿਆ ਕਿ ਬਿਨਾ ਕਿਸੇ ਵਿਤਕਰੇ ਦੇ ਸਭ ਨੂੰ ਗੁੜ ਵਾਲੇ ਚੌਲ,ਦੇਸੀ ਘਿਓ ਦੀ ਦਾਲ ਤੇ ਲੋਹ ਦੇ ਪ੍ਰਸ਼ਾਦੇ ਵਰਤਾਏ ਗਏ।ਇਹ ਸਭ ਦੇਖ ਕੇ ਉਹ ਬਹੁੱਤ ਹੀ ਹੈਰਾਨ ਤੇ ਤ੍ਰਿਪਤ ਹੋਏ।ਇਹਨਾਂ ਦੋਵਾਂ ਘਟਨਾਵਾਂ ਨੇ ਉਹਨਾਂ ਦੇ ਕੋਮਲ ਮਨ ਤੇ ਬਹੁੱਤ ਅਸਰ ਕੀਤਾ ਤੇ ਆਪ ਜੀ ਦਾ ਧਿਆਨ ਗੁਰਦੁਆਰਾ ਸਾਹਿਬ ਵੱਲ ਹੋ ਗਿਆ।ਸੰਨ 1924 ਈ. ਤੋਂ ਆਪ ਗੁਰਦੁਆਰਾ ਡੇਰਾ ਸਾਹਿਬ , ਲਾਹੌਰ ਵਿਚ ਸੇਵਾ ਦੇ ਕੰਮ ਵਿਚ ਜੁਟ ਗਏ । ਆਪ ਦਾ ਕੰਮ ਸਰਦੀਆਂ ਦੇ ਮੌਸਮ ਵਿਚ ਗੁਰੂ-ਧਾਮ ਦੇ ਫ਼ਰਸ਼ਾਂ ਨੂੰ ਗਰਮ ਪਾਣੀ ਨਾਲ ਧੋਣਾ , ਲੰਗਰ ਵਿਚ ਬਾਲਣ ਦੀ ਫਜ਼ੂਲ ਵਰਤੋਂ ਨੂੰ ਰੋਕਣਾ , ਰਾਤ ਨੂੰ ਬੇਲੋੜੀਆਂ ਲਾਈਟਾਂ ਨੂੰ ਬੁਝਾਉਣਾ ਹੁੰਦਾ ਸੀ । ਆਪ ਦੀ ਧਾਰਣਾ ਸੀ ਕਿ ਗੁਰਦੁਆਰਾ ਸੰਸਾਰ ਵਿਚ ਸਭ ਤੋਂ ਵੱਡਾ ਸਮਾਜਿਕ ਅਤੇ ਅਧਿਆਤਮਿਕ ਘਰ ਹੈ ।
ਪਿੰਗਲਿਆਂ , ਅਪਾਹਜਾਂ ਦੀ ਸੇਵਾ ਕਰਨ ਦੀ ਬਿਰਤੀ ਉਸ 4 ਸਾਲ ਦੇ ਅਪਾਹਜ ਬਾਲਕ ਨੇ ਪੈਦਾ ਕੀਤੀ ਜੋ ਗੁਰਦੁਆਰਾ ਡੇਰਾ ਸਾਹਿਬ ਵਿਚ ਇਨ੍ਹਾਂ ਨੂੰ ਲਾਵਾਰਸ ਹਾਲਤ ਵਿਚ ਮਿਲਿਆ । ਭਗਤ ਜੀ ਨੇ ਉਸ ਬੱਚੇ ਦੀ ਸੇਵਾ-ਸੰਭਾਲ ਕੀਤੀ ਤੇ ਉਸ ਦਾ ਨਾਂ ਪਿਆਰਾ ਸਿੰਘ ਰੱਖਿਆ। ਉਸ ਦਿਨ ਤੋਂ ਭਗਤ ਜੀ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਅਧਿਆਇ ਜੁੜ ਗਿਆ ਤੇ ਉਸ ਦਿਨ ਤੋ ਮਾਨਵਤਾ ਤੇ ਲੋੜਵੰਦਾਂ ਥੱਕਦੀ ਸੇਵਾ ਸ਼ੁਰੂ ਹੋਈ ਜਿਸਨੇ ਭਗਤ ਜੀ ਨੂੰ ਪਿੰਗਲਵਾੜਾ ਵਰਗੀ ਸੰਸਥਾ ਦੀ ਨੀਂਹ ਰਖਵਾਈ।ਸੰਨ 1947 ਨੂੰ ਜਦ ਦੇਸ਼ ਦੀ ਵੰਡ ਹੋਈ ਤਾਂ ਕੋਈ ਪੈਸਾ ਲੈ ਗਿਆ ਤੇ ਕੋਈ ਪਰਿਵਾਰ ਸਾਂਭ ਕੇ ਲੈ ਗਿਆ ਪਰ ਭਗਤ ਪੂਰਨ ਸਿੰਘ ਜੀ ਕੋਲ ਸਿਰਫ ਤੇ ਸਿਰਫ ਪਿਆਰਾ ਸਿੰਘ ਜੀ ਸਨ।ਅੰਮ੍ਰਿਤਸਰ ਵਿੱਚ ਪਿਆਰਾ ਸਿੰਘ ਨੂੰ ਪਿੱਠ ’ਤੇ ਚੁੱਕ ਕੇ ਰਫਿਊਜੀ ਕੈਂਪ ਵਿੱਚ ਪਹੁੰਚੇ, ਜਿੱਥੇ ਆਪ ਨੇ ਤਨ-ਮਨ ਨਾਲ ਸੇਵਾ ਨਿਭਾਈ। ਸੰਨ 1958 ਨੂੰ ਅੰਮ੍ਰਿਤਸਰ ਵਿੱਚ ਪਿੰਗਲਵਾੜਾ ਇਮਾਰਤ ਰੂਪੀ ਸੰਸਥਾ ਦੀ ਸ਼ੁਰੂਆਤ ਹੋ ਗਈ,ਇਸ ਇਮਾਰਤ ਦੀ ਜ਼ਮੀਨ ਖਰੀਦਨ ਵਿੱਚ (ਐਸ ਜੀ ਪੀ ਸੀ) ਨੇ ਅਹਿਮ ਰੋਲ ਅਦਾ ਕੀਤਾ।ਆਪ ਸਵੇਰੇ ਦਰਬਾਰ ਸਾਹਿਬ ਵਿੱਚ ਪਿਆਰਾ ਸਿੰਘ ਜੀ ਨੂੰ ਰੇਹੜੀ ਵਿੱਚ ਲਿਟਾ ਕੇ ਆਪਣੇ ਨਾਲ ਲੈ ਕੇ ਆਉਦੇ ਤੇ ਸਾਰਾ ਦਿਨ ਸੰਗਤਾਂ ਨੂੰ ਆਬਾਦੀ ਦੇ ਵਾਧੇ,ਪਾਣੀ-ਹਵਾ ਦੇ ਦੂਸ਼ਿਤ ਹੋ ਜਾਣ,ਜੰਗਲਾਂ ਦੇ ਕੱਟੇ ਜਾਣ,ਅੰਨ ਸੰਕਟ,ਦਰਿਆਵਾਂ ਦੇ ਗੰਦਪਾਣੀ, ਗਰੀਬੀ, ਅਨਪੜ੍ਹਤਾ, ਸੜਕ-ਰੇਲ ਹਾਦਸੇ,ਬੇਰੁਜ਼ਗਾਰੀ,ਧਾਰਮਿਕ ਤੇ ਸਮਾਜਿਕ ਸਿੱਖਿਆ ਦਾ ਚੰਗਾ ਪ੍ਰਬੰਧ ਆਦਿ ਕਈ ਸਮਿਸਆਵਾਂ ਬਾਰੇ ਇਸ਼ਤਿਹਾਰ ਤੇ ਕਿਤਾਬਚੇ ਵੰਡਦੇ ਤੇ ਵਿਚਾਰਾਂ ਕਰਦੇ।ਰਾਤ ਨੂੰ ਪਿਆਰਾ ਸਿੰਘ ਜੀ ਨਾਲ ਵਾਪਿਸ ਪਿੰਗਲਵਾੜੇ ਚਲੇ ਜਾਂਦੇ।ਆਪ ਦੇਰ ਰਾਤ ਤੱਕ ਪਿੰਗਲਵਾੜੇ ਦੀਆਂ ਸਮਿਸਆਵਾਂ,ਰੋਗੀਆਂ ਦੇ ਆਰਾਮ ਦੇ ਸਾਧਨ,ਨਵੀ ਇਮਾਰਤ ਤੇ ਹੋਰ ਕਾਰਜਾਂ ਬਾਰੇ ਸੋਚਦੇ ਤੇ ਅੱਧੀ ਰਾਤ ਨੂੰ ਪਿਆਰਾ ਸਿੰਘ ਜੀ ਨੂੰ ਹਿੱਕ ਨਾਲ ਲਗਾ ਕੇ ਸੋ ਜਾਂਦੇ।ਮੈ ਮਹਿਸੂਸ ਕਰਦੀ ਹਾਂ ਕਿ ਦੁਨੀਆ ਭਰ ਦੀਆਂ ਸਾਰੀਆਂ ਮਾਂਵਾਂ ਦੀ ਮਮਤਾ ਭਗਤ ਪੂਰਨ ਸਿੰਘ ਜੀ ਦੇ ਹਿੱਸੇ ਆਈ ਹੋਵੇ।ਇਸ ਤੋਂ ਇਲਾਵਾ ਗੁਰਦੁਆਰਾ ਸੁਧਾਰ ਲਹਿਰ ਵੇਲੇ ਸਿੱਖਾਂ ਦੀਆਂ ਕੁਰਬਾਨੀਆਂ ਦਾ ਵੀ ਆਪ ਉਤੇ ਬਹੁਤ ਅਸਰ ਹੋਇਆ । ਆਪ ਨੂੰ ਸਿੱਖੀ ਮਾਰਗ ਵਲ ਵਧਣ ਲਈ ਸ. ਤੇਜਾ ਸਿੰਘ ਸਮੁੰਦਰੀ , ਸ. ਬ. ਮਹਿਤਾਬ ਸਿੰਘ ਅਤੇ ਸ. ਤੇਜਾ ਸਿੰਘ ਚੂਹੜਕਾਣੇ ਵਾਲੇ ਨੇ ਵੀ ਪ੍ਰੇਰਿਤ ਕੀਤਾ । ਇਸ ਨੇ ਅੰਮ੍ਰਿਤਪਾਨ ਕਰਕੇ ਰਾਮਜੀਦਾਸ ਤੋਂ ਪੂਰਨ ਸਿੰਘ ਨਾਂ ਧਾਰਣ ਕੀਤਾ ।ਭਗਤ ਪੂਰਨ ਸਿੰਘ ਜੀ ਨੂੰ ਉਹਨਾਂ ਦੀਆਂ ਸਮਾਜ ਪ੍ਰਤੀ ਕੀਤੀਆਂ ਸੇਵਾਵਾਂ ਦੇ ਬਦਲੇ ਭਾਰਤ ਸਰਕਾਰ ਨੇ “ਪਦਮ ਸ੍ਰੀ” ਦੀ ਉਪਾਧੀ ਨਾਲ ਨਿਵਾਜਿਆ ਪਰ 🔷️”ਸਾਕਾ ਨੀਲਾ ਤਾਰਾ”🔷️ ਦੇ ਰੋਸ ਵਜੋ ਉਹਨਾਂ ਇਹ ਉਪਾਧੀ ਵਾਪਿਸ ਕਰ ਦਿੱਤੀ।ਜਦੋ ਉਹਨਾਂ ਨੂੰ ਪੱਤਰਕਾਰਾਂ ਨੇ ਇਸਦਾ ਕਾਰਨ ਪੁੱਛਿਆ ਤਾਂ ਉਹ ਬਹੁਤ ਹੀ ਭਾਵੁਕ ਹੋ ਕੇ ਕਹਿਣ ਲੱਗੇ,”ਹਰਿਮੰਦਰ ਸਾਹਿਬ ਉੱਤੇ ਹੋਏ ਫ਼ੌਜੀ ਹਮਲੇ ਤੇ ਅਨੇਕਾਂ ਬੇਕਸੂਰ ਬੱਚੇ,ਇਸਤਰੀਆਂ,ਨੋਜਵਾਨਾਂ ਤੇ ਬਜ਼ੁਰਗਾਂ ਦਾ ਕੋਹੇ ਜਾਣਾ ਮੇਰੇ ਹਿਰਦੇ ਨੂੰ ਵਲੂੰਧਰ ਗਿਆ ਸੀ ਤੇ ਮੈ ਇਹ ਬਰਦਾਸ਼ਤ ਨਹੀ ਕਰ ਸਕਿਆ,ਇੰਨਾ ਕੁੱਝ ਹੋਣ ਤੋ ਬਾਅਦ ਵੀ ਮੈ ਪਦਮ ਸ੍ਰੀ ਨਾਲ ਚੰਬੜਿਆ ਰਹਾਂ।ਮੈ ਰਾਸ਼ਟਰਪਤੀ ਨੂੰ ਚਿੱਠੀ ਲਿੱਖ ਕੇ ਉਪਾਧੀ ਮੋੜ ਦਿੱਤੀ ਹੈ।”
ਇਸ ਤੋ ਇਲਾਵਾ ਆਪ ਜੀ ਨੂੰ ਹੋਰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ:•1990 ਹਾਰਮਨੀ ਐਵਾਰਡ• 1991 ਰੋਗ ਰਤਨ ਐਵਾਰਡ• 1991ਭਾਈ ਘਨ੍ਹਈਆ ਐਵਾਰਡ।
21 ਜੂਨ 1992 ਨੂੰ ਭਗਤ ਪੂਰਨ ਸਿੰਘ ਜੀ ਦੇ ਪੇਟ ਵਿੱਚ ਤਕਲੀਫ਼ ਹੋਈ ਤਾਂ ਉਹਨਾਂ ਨੂੰ ਵਰਿਆਮ ਸਿੰਘ ਨਰਸਿੰਗ ਹੋਮ ਵਿੱਚ ਦਾਖਲ ਕਰਵਾਇਆ ਗਿਆ।23 ਜੂਨ ਨੂੰ ਉਹਨਾਂ ਦੇ ਪੇਟ ਦਾ ਸਫਲ ਆਪ੍ਰੇਸ਼ਨ ਕੀਤਾ ਗਿਆ।ਜਿੱਥੇ ਡਾ: ਇੰਦਰਜੀਤ ਕੌਰ ਨੇ ਉਹਨਾਂ ਦੇ ਬਿਸਤਰੇ ਤੋ ਇੱਕ ਪਲ ਵੀ ਦੂਰ ਨਾ ਹੋਏ। ਉਹ ਸੇਵਾ ਸਿਮਰਨ ਵਿੱਚ ਜੁੱਟੇ ਰਹੇ। ਫਿਰ ਅਚਾਨਕ ਜ਼ਖ਼ਮਾਂ ਵਿਚੋ ਲਹੂ ਸਿੰਮ ਪਿਆ ਤੇ ਉਹਨਾਂ ਨੂੰ ਪੀ.ਜੀ.ਆਈ. ਵਿੱਚ ਦਾਖਲ ਕਰਵਾਇਆ ਗਿਆ।ਉਹਨਾਂ ਦਾ ਦੁਬਾਰਾ ਆਪ੍ਰੇਸ਼ਨ ਕੀਤਾ ਗਿਆ ਤੇ ਬਾਅਦ ਵਿੱਚ ਉਹਨਾਂ ਦੇ ਦਿਲ ਤੇ ਫੇਫੜੇ ਵਿੱਚ ਤਕਲੀਫ਼ ਹੋਈ।
ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ॥
ਦੇ ਮਹਾਂਵਾਕ ਅਨੁਸਾਰ ਬੀਮਾਰਾਂ,ਦੁਖੀਆਂ ਦੇ ਮਸੀਹਾ ਭਗਤ ਪੂਰਨ ਸਿੰਘ ਜੀ 88 ਵਰਿਆਂ ਦੀ ਸੇਵਾ ਭਰਪੂਰ ਜ਼ਿੰਦਗੀ ਗੁਜ਼ਾਰ ਕੇ 5 ਅਗਸਤ 1992 ਨੂੰ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ।
ਜੋਤੀ ਜੋਤਿ ਰਲੀ ਸੰਪੂਰਨ ਥੀਆ ਰਾਮ॥
ਪ੍ਰਿੰਸੀਪਲ ਤੇਜਾ ਸਿੰਘ ਜੀ ਲਿਖਦੇ ਹਨ,ਉਹਨਾਂ ਨੇ ਸਿੱਖ ਇਤਿਹਾਸਿਕ ਕਥਾਵਾਂ ਨੂੰ ਸੁਰਜੀਤ ਕਰ ਦਿੱਤਾ,ਜਿਹੜੀਆਂ ਲਗਭਗ ਨਾ ਮੰਨਣਯੋਗ ਸਮਝੀਆਂ ਜਾਂਦੀਆ ਸਨ।ਭਗਤ ਜੀ ਭਾਈ ਘੱਨਈਆ ਜੀ,ਭਾਈ ਮੰਝ ਜੀ ਤੇ ਭਾਈ ਬਹਿਲੋ ਜੀ ਦੇ ਉਤਰਾਧਿਕਾਰੀ ਸਨ।
ਕੁਲਦੀਪ ਸਿੰਘ ਹਉਰਾ ਜੀ ਲਿਖਦੇ ਹਨ ਕਿ ਭਗਤ ਪੂਰਨ ਸਿੰਘ ਜੀ ਭਗਤ ਵੀ ਸਨ,ਪੂਰਨ ਵੀ ਅਤੇ ਸਿੰਘ ਵੀ ਸਨ।ਭਾਰਤ ਸਰਕਾਰ ਵੱਲੋ 2004 ਵਿੱਚ ਭਗਤ ਪੂਰਨ ਸਿੰਘ ਜੀ ਦੀ ਯਾਦ ਵਿੱਚ ਡਾਕ ਟਿਕਟ ਜਾਰੀ ਕੀਤੀ।ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ 2005 ਵਿੱਚ ਉਹਨਾਂ ਦੇ ਨਾਮ ਤੇ ਭਗਤ ਪੂਰਨ ਸਿੰਘ ਚੇਅਰ ਸਥਾਪਿਤ ਕੀਤੀ।ਉਹਨਾ ਦੇ ਜੀਵਨ ਤੇ ਅਧਾਰਿਤ “ਇਹੁ ਜਨਮੁ ਤੁਮਾਰੇ ਲੇਖੇ” ਫ਼ਿਲਮ 2015 ਵਿੱਚ ਰਿਲੀਜ ਹੋਈ।
ਹੁਣ ਭਗਤ ਪੂਰਨ ਸਿੰਘ ਪਿੰਗਲਵਾੜਾ ਅਮ੍ਰਿੰਤਸਰ ਦੀ ਬੀਬੀ ਡਾ: ਇੰਦਰਜੀਤ ਕੌਰ ਜੀ ਤਨ ਮਨ ਨਾਲ ਨਿਭਾ ਰਹੇ ਹਨ।ਅੱਜ ਦੇ ਵਕਾਉ ਲੋਕ ਕਿਸੇ ਗਰੀਬ ਦੀ ਸੇਵਾ ਮਦਦ ਕਰਨ ਦੇ ਬਹਾਨੇ ਲਾਕੇ ਉਸ ਦਾ ਧਰਮ ਬਦਲੀ ਕਰਵਾ ਰਹੇ ਹਨ ।