Sikh News

ਬਾਬੇ ਨਾਨਕ ਦੀ ਕ੍ਰਿਪਾ! 21 ਲੱਖ ਸ਼ਰਧਾਲੂਆਂ ਨੇ ਟੇਕਿਆ ਮੱਥਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤਾਂ ਵਿੱਚ ਇੰਨਾ ਉਤਸ਼ਾਹ ਹੈ ਕਿ ਸੁਲਤਾਨਪੁਰ ਲੋਧੀ ਵਿੱਚ ਪਹਿਲੀ ਤੋਂ 9 ਨਵੰਬਰ ਤੱਕ ਗੁਰਦੁਆਰਾ ਬੇਰ ਸਾਹਿਬ ’ਚ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਦਾ ਅੰਕੜਾ 21 ਲੱਖ ਨੂੰ ਪਾਰ ਕਰ ਗਿਆ ਹੈ। ਸਿਰਫ ਨੌਂ ਨਵੰਬਰ ਨੂੰ ਹੀ ਛੇ ਲੱਖ ਦੇ ਕਰੀਬ ਸੰਗਤ ਨੇ ਮੱਥਾ ਟੇਕਿਆ। ਅਜੇ ਵੀ ਨਿੱਤ ਸੰਗਤਾਂ ਮੱਥਾ ਟੇਕਣ ਆ ਰਹੀਆਂ ਹਨ।
ਬੇਸ਼ੱਕ ਸਰਕਾਰ ਨੇ ਕਾਫੀ ਪ੍ਰਬੰਧ ਕੀਤੇ ਹਨ ਪਰ ਫਿਰ ਵੀ ਜਿੱਧਰ ਵੇਖੀਏ ਸੰਗਤਾਂ ਦਾ ਹੜ੍ਹ ਹੀ ਨਜ਼ਰ ਆ ਰਿਹਾ ਹੈ। ਸੜਕਾਂ ’ਤੇ ਇੰਨੀ ਜ਼ਿਆਦਾ ਭੀੜ ਹੈ ਕਿ ਲੰਘਣਾ ਮੁਸ਼ਕਲ ਹੈ। ਐਨ ਮੌਕੇ ‘ਤੇ ਬਾਰਸ਼ ਹੋਣ ਦੇ ਬਾਵਜੂਦ ਸੰਗਤਾਂ ਦੇ ਉਤਸ਼ਾਹ ਵਿੱਚ ਕੋਈ ਫਰਕ ਨਹੀਂ ਪਿਆ। ਇਸ ਕਰਕੇ ਸਰਕਾਰ ਨੂੰ ਅਗਲੇ ਦਿਨ ਵੀ ਨਵੇਂ ਸਿਰਿਓਂ ਪ੍ਰਬੰਧ ਕਰਨੇ ਪਏ। ਦਿਲਚਸਪ ਹੈ ਕਿ ਇਸ ਵਾਰ ਲੋਕ ਨੇ ਸੰਗਤਾਂ ਲਈ ਆਪਣੇ ਘਰਾਂ ਦੇ ਹੀ ਦਰਵਾਜ਼ੇ ਖੋਲ੍ਹ ਦਿੱਤੇ ਹਨ।
ਦਰਅਸਲ ਕਰਤਾਰਪੁਰ ਲਾਂਘਾ ਖੁੱਲ੍ਹਣ ਕਰਕੇ ਹਰ ਸ਼ਰਧਾਲੂ ਇਸ ਇਤਿਹਾਸਕ ਮੌਕੇ ਤੋਂ ਖੁੰਝਣਾ ਨਹੀਂ ਚਾਹੁੰਦਾ। ਇਸ ਲਈ ਭਾਰਤ ਦੇ ਕੋਨੇ-ਕੋਨੇ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਸੰਗਤਾਂ ਪਹੁੰਚ ਰਹੀਆਂ ਹਨ। ਸੂਤਰਾਂ ਮੁਤਾਬਕ ਹੁਣ ਤੱਕ ਸਰਕਾਰੀ ਅੰਦਾਜ਼ੇ ਤੋਂ ਕਿਤੇ ਵੱਧ ਸੰਗਤਾਂ ਪਹੁੰਚੀਆਂ ਹਨ। ਅਜੇ ਇਹ ਸਿਲਸਿਲਾ ਜਾਰੀ ਰਹੇਗਾ ਕਿਉਂਕਿ ਜਿਹੜਾ ਵੀ ਸ਼ਰਧਾਲੂ ਸ਼੍ਰੀ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਜਾਂਦਾ ਹੈ, ਉਹ ਸੁਲਤਾਨਪੁਰ ਲੋਧੀ ਵੀ ਨਤਮਸਤਕ ਜ਼ਰੂਰ ਹੁੰਦਾ ਹੈ।

Related Articles

Back to top button