ਪੰਜਾਬ ਦੇ 2 ਮਾਨ ਜਿਨਾਂ ਅੰਦਰ ਜਾਗਿਆ Hindi ਦਾ ਮੋਹ | Gurdas Mann | Bhagwant Mann

ਵੀਡੀਓ ਦਾ thumbnail ਦੇਖਕੇ ਹੋ ਸਕਦਾ ਹੈ ਕੁਝ ਲੋਕਾਂ ਨੂੰ ਗੁੱਸਾ ਲੱਗੇ ਕਿ ਇਹ ਕਿਹੋ ਜਿਹੀ ਵੀਡੀਓ ?? ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਸਪਸ਼ਟ ਕਰ ਦਈਏ ਕਿ ਸਾਡਾ ਇਹਨਾਂ ਦੋਵਾਂ ਕਲਾਕਾਰਾਂ ਨਾਲ ਕੋਈ ਵੱਟ ਬੰਨੇ ਦਾ ਰੌਲਾ ਵੀ ਨਹੀਂ ਹੈ,ਸਾਡਾ ਕੋਈ ਨਿੱਜੀ ਵੈਰ ਵੀ ਨਹੀਂ ਹੈ। ਗੱਲ ਸਿਰਫ ਇਹ ਹੈ ਕਿ ਜਦੋਂ ਲੋਕ ਸਾਡੀ ਮਾਂ ਬੋਲੀ ਪੰਜਾਬੀ ਨੂੰ ਖਤਮ ਕਰਨ ਦੀਆਂ ਧਮਕੀਆਂ ਦੇਣ,ਇਹ ਕਹਿਣ ਕਿ 2 ਸਾਲ ਰੁਕੋ,ਅਸੀਂ ਦਸਾਂਗੇ ਕਿ ਹਿੰਦੀ ਕਿ ਚੀਜ ਹੈ !! ਉਦੋਂ ਅਜਿਹੇ ਕਲਾਕਾਰ ਜਿਨਾਂ ਨੇ ਪੰਜਾਬੀ ਬੋਲੀ ਦੀ ਸੇਵਾ ਕੀਤੀ ਹੋਵੇ,ਪੰਜਾਬੀ ਬੋਲੀ ਸਿਰੋਂ ਆਪਣੀ ਜਿੰਦਗੀ ਬਣਾਈ ਹੋਵੇ,ਪੰਜਾਬੀ ਬੋਲੀ ਵਿਚ ਗਾ ਕੇ ਆਪਣਾ ਢਿੱਡ ਭਰਿਆ ਹੋਵੇ,ਅਜਿਹੇ ਕਲਾਕਾਰ ਜਦੋਂ ਦੁਸ਼ਮਣ ਦੀ ਬੋਲੀ ਬੋਲਣ ਲੱਗ ਜਾਣ ਤਾਂ ਫਿਰ ਨਰਾਜਗੀ ਤਾਂ ਬਣਦੀ ਹੀ ਹੈ।
ਪਹਿਲਾਂ ਕਰਦੇ ਹਾਂ ਗੱਲ ਗੁਰਦਾਸ ਮਾਨ ਦੀ,ਓਹੀ ਮਾਨਾਂ ਦਾ ਮਾਣ ਗੁਰਦਾਸ ਮਾਨ,ਜਿਸਨੇ ਦਾਦਿਆਂ ਤੋਂ ਲੈ ਪੋਤਿਆਂ ਤੱਕ ਦਾ ਆਪਣੇ ਗੀਤਾਂ ਨਾਲ ਮਨੋਰੰਜਨ ਕੀਤਾ। ਉਹ ਗੁਰਦਾਸ ਮਾਨ ਜਦੋਂ ਇਹ ਕਹੇ ਕਿ ਹਿੰਦੁਸਤਾਨ ਦੀ ਬੋਲੀ ਹਿੰਦੀ ਕਰ ਦੇਣੀ ਚਾਹੀਦੀ ਹੈ ਤਾਂ ਕਿਹੋ ਜਿਹਾ ਲਗੇਗਾ ? ਪਹਿਲਾਂ ਤੁਹਾਨੂੰ ਗੁਰਦਾਸ ਮਾਨ ਦਾ ਉਕਤ ਬਿਆਨ ਦਿਖਾ ਦਿੰਨੇ ਹਾਂ,ਅਗਲੀ ਗੱਲ ਫਿਰ ਕਰਾਂਗੇ।
ਗੁਰਦਾਸ ਮਾਨ ਜੀ, ਜੇ ਹੁਣ ਹਿੰਦੀ ਮਾਸੀ ਬਣਾ ਹੀ ਲਈ ਹੈ ਤਾਂ ਤੁਹਾਡਾ ਫਰਜ਼ ਬਣਦਾ ਕਿ ਅਗਾਂਹ ਹੁਣ ਸਦਾ ਹਿੰਦੀ ਵਿੱਚ ਹੀ ਗਾਇਓ। ਹਿੰਦੀ ‘ਚ ਸ਼ੋਅ ਕਰਿਓ ਤੇ ਹਿੰਦੀ ਹੀ ਗਾਣੇ ਕੱਢਿਓ। ਚਾਲੀ ਸਾਲ ਤੁਸੀਂ ਮਾਂ ਬੋਲੀ ਪੰਜਾਬੀ ਦੀ “ਸੇਵਾ” ਕਰਕੇ ਪੈਸਾ ਤੇ ਸ਼ੋਹਰਤ ਖੱਟੀ, ਹੁਣ ਅਗਲੀ ਬਚਦੀ ਉਮਰ ਮਾਸੀ ਹਿੰਦੀ ਦੀ “ਸੇਵਾ” ਕਰਕੇ ਭਾਣਜਾ ਹੋਣ ਦਾ ਫਰਜ਼ ਨਿਭਾਓ। ਆਖਰ ਲੋਕਾਂ ਨੂੰ ਵੀ ਦਿਸੇ ਕਿ ਮਾਂ ਨੇ ਕੀ ਕੁਝ ਦਿੱਤਾ ਤੇ ਮਾਸੀ ਕੀ ਦਿੰਦੀ ਹੈ। ਦੱਸਿਓ ਕਿ ਜਦ ਮਾਸੀ ਦੇ ਪੁੱਤ ਦੋ ਸਾਲਾਂ ‘ਚ ਮਾਂ ਦਾ ਘਰ ਉਜਾੜਨ ਦਾ ਲਲਕਾਰਾ ਮਾਰ ਦੇਣ, ਤਾਂ ਫਿਰ ਪੁੱਤ ਨੂੰ ਮਾਂ ਨਾਲ ਖੜ੍ਹਨਾ ਚਾਹੀਦਾ ਕਿ ਮਾਸੀ ਨਾਲ? ਨਾਲੇ ਭਾਰਤ ਦਾ ਸੰਵਿਧਾਨ ਪੜ੍ਹਿਓ ਕਿ ਭਾਰਤ ਵੱਖ-ਵੱਖ ਬੋਲੀਆਂ ਬੋਲਣ ਵਾਲੇ ਲੋਕਾਂ ਦਾ ਸੰਘ ਹੈ ਜਾਂ ਇੱਕ ਬੋਲੀ ਵਾਲੀ ਇੱਕ ਨੇਸ਼ਨ! ਬੰਬੇ ਜਾ ਕੇ ਘਰ ਤਾਂ ਬਣਾ ਲਿਆ ਪਰ ਮਰਾਠਿਆਂ ਦਾ ਮਰਾਠੀ ਬੋਲੀ ਲਈ ਪਿਆਰ ਦੇਖ ਕੇ ਆਪਣੀ ਮਾਂ ਬੋਲੀ ਦੀ ਕਦਰ ਨਾ ਪਾਈ।
ਇਹ ਉਹੀ ਬੰਦਾ ਜਿਹੜਾ ਕਹਿੰਦਾ ਸੀ ‘ਧੋਤੀ ਪੋਥੀ ਛੱਡੋ ਦਿਲ ਸਾਫ਼ ਹੋਣਾ ਚਾਹੀਦਾ’ ਟਤੇ ਦੇਖੋ ਹੁਣ ਇਹ ਜ਼ੁਬਾਨ ਵੀ ਛੱਡ ਗਿਆ। ਜਦੋਂ ਕੋਈ ਮੂਲ ਨਾਲੋਂ ਟੁੱਟਦਾ ਤਾਂ ਬਹੁਤ ਦੂਰ ਜਾ ਕੇ ਡਿੱਗਦਾ। ਗੁਰਦਾਸ ਮਾਨ ਵੀ ਉਹੀ ਗੱਲ ਕਰ ਰਿਹਾ ਜੋ ਅਮਿਤ ਸ਼ਾਹ ਨੇ ਕੀਤੀ। ਹਾਲਾਂਕਿ ਅਮਿਤ ਸ਼ਾਹ ਫਿਲਹਾਲ ਮੁਕਰ ਗਿਆ ਹੈ। ਪਰ ਇਹ ਵਿਚਾਰ ਕਿ ਦੇਸ਼ ਦੀ ਇਕ ਭਾਸ਼ਾ ਹੋਵੇ, ਇਹ ਸੱਤਾ ਦਾ ਵਿਚਾਰ ਹੈ। ਇਕ ਗੱਲ ਹੋਰ ਯਾਦ ਕਰਵਾ ਦੇਈਏ। ਨੱਬਵਿਆਂ ਦੇ ਅੰਤ ‘ਚ ਗੁਰਦਾਸ ਮਾਨ ਨੇ ਇਕ ਹਿੰਦੀ ਕੈਸਟ ਕੱਢੀ ਸੀ। ਪਰ ਉਹ ਚੱਲੀ ਨਹੀਂ। ਇਹ ਫੇਰ ਪੰਜਾਬੀ ਵੱਲ ਮੁੜ ਆਇਆ। ਜਿਨੂੰ ਇਹ ਮਾਸੀ ਕਹਿ ਰਿਹਾ, ਉਹ ਇਹਦੀ ਮਾਂ ਦਾ ਕਤਲ ਕਰਨ ਨੂੰ ਫਿਰਦੀ ਆ।
ਹੁਣ ਗੱਲ ਕਰਾਂਗੇ ਭਗਵੰਤ ਮਾਨ ਦੀ,ਓਹੀ ਭਗਵੰਤ ਮਾਨ ਜਿਸਨੂੰ ਪੰਜਾਬ ਤੇ ਪੰਜਾਬੀਅਤ ਦਾ ਬੜਾ ਹੇਜ ਹੈ ਪਰ ਇਹਨਾਂ ਪੋਸਟਾਂ ਵਿਚ ਤੁਸੀਂ ਦੇਖ ਸਕਦੇ ਹੋ ਭਗਵੰਤ ਮਾਨ ਦਾ ਹਿੰਦੀ ਮੋਹ… ਭਗਵੰਤ ਮਾਨ ਦੀ ਮਜਬੂਰੀ ਸਮਝ ਨਹੀਂ ਆਉਂਦੀ । ਕੀ ਇਹ ਕੇਜਰੀਵਾਲ ਦੀ ਸਹੂਲਤ ਲਈ ਹਿੰਦੀ ਲਿਖਦੇ ਨੇ ਜਾਂ ਕੋਈ ਹੋਰ ਕਾਰਨ ਹੈ। ਜਦੋਂ ਕਿ ਪਿਛਲੇ ਦਿਨੀਂ ਅਰਵਿੰਦ ਕੇਜਰੀਵਾਲ ਨੂੰ ਤਾਂ ਇਹ ਗੱਲ ਦੀ ਸਮਝ ਆ ਗਈ ਕਿ ਜਦੋਂ ਪੰਜਾਬ ਦੀ ਗੱਲ ਕਰਨੀ ਹੈ ਤਾਂ ਪੰਜਾਬੀ ‘ਚ ਕਰਨੀ ਹੈ ਪਰ ਭਗਵੰਤ ਮਾਨ ਨੂੰ ਇਹ ਗੱਲ ਕਦੋਂ ਸਮਝ ਆਉ ? ਭਗਵੰਤ ਮਾਨ ਨੂੰ ਗਾਲਾਂ ਨਾ ਕੱਡ ਕੇ ਜੁਆਬਦੇਹ ਬਣਾਇਆ ਜਾਵੇ ਜਿਸਦੇ ਲਈ ਪੰਜਾਬੀ ਪ੍ਰੇਮੀਆਂ ਨੂੰ ਚਾਹੀਦਾ ਹੈ ਕਿ ਉਹਨਾਂ ਦੇ ਫੇਸਬੁਕ, ਟਵੀਟਰ ਖ਼ਾਤਿਆਂ ਤੇ ਜਾ ਕੇ ਇਸ ਸੰਬੰਧੀ ਸਵਾਲ ਪੁੱਛੇ ਜਾਣ। ਇਹ ਦੋਵੇਂ ਕਲਾਕਾਰ ਵੀ ਹਨ ਤੇ ਲੋਕਾਂ ਦੇ ਰੋਲ ਮਾਡਲ ਵੀ,ਪਰ ਜਦੋਂ ਹੀ ਆਪਣੀ ਮਾਂ ਨਾਲ,ਮਾਂ ਬੋਲੀ ਨਾਲ ਧੱਕਾ ਕਰਨਗੇ ਤਾਂ ਫਿਰ ਦੱਸੋ ਇਹ ਵਰਤਾਰਾ ਕੀ ਰੰਗ ਲਿਆਉ ? ਆਪਣੇ ਵਿਚਾਰ ਸੁਚਾਰੂ ਢੰਗ ਨਾਲ ਥੱਲੇ ਦਿਓ,ਕੀ ਹੈ ਇਹਨਾਂ ਦੋਵਾਂ ਦੀ ਮਜਬੂਰੀ ? ਪੰਜਾਬੀ ਮਾਂ ਬੋਲੀ ਨਾਲੋਂ ਮੂੰਹ ਫੇਰਨ ਦੀ ??