ਪੰਜਾਬ ਦੇ ਕਿਸਾਨ ਉਗਾ ਰਹੇ ਹਨ ਕਾਲੀ ਕਣਕ,3230 ਰੁਪਏ ਪ੍ਰਤੀ ਕੁਇੰਟਲ ਹੋ ਸਕਦਾ ਹੈ ਭਾਅ

ਪੰਜਾਬ ਦੇ ਕਿਸਾਨ ਖੇਤਾਂ ਵਿਚ ਹੁਣ ਕਾਲੇ ਰੰਗ ਦੀ ਕਣਕ ਦੀ ਖੇਤੀ ਕਰ ਰਹੇ ਹਨ, ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਲਈ ਇਹ ਬੜੀ ਲਾਹੇਵੰਦ ਫਸਲ ਹੈ, ਕਿਉਂਕਿ ਇਸ ਦੀ ਕੀਮਤ ਆਮ ਕਣਕ ਨਾਲੋਂ ਦੁੱਗਣੀ ਹੋਵੇਗੀ। ਨਾਲ ਹੀ ਦੂਜੇ ਪਾਸੇ ਇਹ ਵੀ ਦਸਿਆ ਜਾ ਰਿਹਾ ਹੈ ਕਿ ਇਸ ਦਾ ਬੀਜ ਵੀ ਰਵਾਇਤੀ ਕਣਕ ਨਾਲੋਂ ਕਾਫੀ ਘੱਟ ਪਾਉਣਾ ਪੈਂਦਾ ਹੈ। ਹੁਣ ਤੱਕ ਪੂਰੇ ਭਾਰਤ ਵਿਚ ਭੂਰੇ ਰੰਗ ਦੀ ਕਣਕ ਦੀ ਖੇਤੀ ਹੀ ਕੀਤੀ ਜਾਂਦੀ ਸੀ।ਪਰ ਹੁਣ ਪੰਜਾਬੀਆਂ ਸਮੇਤ ਪੂਰੇ ਦੇਸ਼ ਨੂੰ ਕਾਲੇ ਰੰਗ ਦੀਆਂ ਰੋਟੀਆਂ ਖਾਣ ਦਾ ਮੌਕਾ ਮਿਲੇਗਾ।ਕਿਸਾਨਾਂ ਲਈ ਇਹ ਕਣਕ ਕਾਫੀ ਲਾਹੇਵੰਦ ਹੋਵੇਗੀ ।ਉਥੇ ਇਹ ਕਣਕ ਸਿਹਤ ਲਈ ਵੀ ਕਾਫੀ ਚੰਗੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਭਾਰਤ ਵਿਚ ਇਸ ਦਾ ਬੀਜ ਤਿਆਰ ਕੀਤਾ ਗਿਆ ਹੈ ਤੇ ਟ੍ਰਾਇਲ ਵਿਚ ਇਹ ਉਮੀਦਾਂ ਉਤੇ ਖਰੀ ਉਤਰੀ ਹੈ।ਨੈਸ਼ਨਲ ਐਗਰੋ ਫੂਡ ਬਾਇਓ ਟੈਕਨਾਲੌਜੀ ਇੰਸਟੀਚਿਊਟ ਮੋਹਾਲੀ ਨੇ ਬਲੈਕ ਵ੍ਹੀਟ ਬਾਰੇ ਪਹਿਲ ਕੀਤੀ ਹੈ।
ਕਾਲੇ, ਨੀਲੇ ਅਤੇ ਜ਼ਾਮਨੀ ਰੰਗ ਵਿਚ ਮਿਲਣ ਵਾਲੀ ਇਹ ਕਣਕ ਰਵਾਇਤੀ ਕਣਕ ਦੇ ਮੁਕਾਬਲੇ ਹਰ ਤਰ੍ਹਾਂ ਬਿਹਤਰ ਹੈ। ਟਰਾਇਲ ਲਈ 850 ਕੁਇੰਟਲ ਦਾ ਉਤਪਾਦਨ ਕੀਤਾ ਗਿਆ ਹੈ।ਇਸ ਦੀ ਔਸਤ ਪੈਦਾਵਾਰ ਪ੍ਰਤੀ ਏਕੜ 13 ਤੋਂ 17 ਕੁਇੰਟਲ ਹੋ ਰਹੀ |ਤੁਹਾਨੂੰ ਦਸ ਦਈਏ ਕਿ ਪਿਛਲੇ 7 ਸਾਲ ਤੋਂ ਇਸ ਬਾਰੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਲੰਮੀ ਮਿਹਨਤ ਪਿੱਛੋਂ ਇਸ ਪਾਸੇ ਸਫਲਤਾ ਮਿਲੀ ਹੈ।
ਇਹ ਕਣਕ ਆਮ ਕਣਕ ਤੋਂ ਜਿਆਦਾ ਪੌਸ਼ਟਿਕ ਹੈ ਤੇ ਦਿਲ ਦੀ ਬਿਮਾਰੀ ਲਈ ਲਾਭਦਾਇਕ ਹੁੰਦੀ ਹੈ। ਇਸ ਕਿਸਮ ਵਿਚ ਆਮ ਕਣਕ ਦੇ ਮੁਕਾਬਲੇ 60 ਫੀਸਦੀ ਜਿਆਦਾ ਆਇਰਨ, 35 ਫੀਸਦੀ ਜਿੰਕ ਤੇ ਐਂਟੀ ਆਕਸੀਡੈਂਟਸ ਹੁੰਦਾ ਹੈ।ਇਸ ਕਣਕ ਵਿਚ ਫਲਾਂ ਵਿਚ ਮਿਲਣ ਵਾਲੇ ਤੱਤ ਵੀ ਹੁੰਦੇ ਹਨ। ਇਸ ਨੂੰ ਖਾਣ ਨਾਲ ਮੁਟਾਪਾ ਤੇ ਸ਼ੂਗਰ ਵੀ ਕੰਟਰੋਲ ਹੁੰਦਾ ਹੈ। ਤੁਹਾਨੂੰ ਦਸ ਦਈਏ ਕਿ ਕਿਸਾਨਾਂ ਨੂੰ ਆਮ ਕਣਕ ਘੱਟੋ ਘੱਟ ਸਮਰਥਨ ਮੁੱਲ ਕਰੀਬ 1735 ਰੁਪਏ ਪ੍ਰਤੀ ਕੁਇੰਟਲ ਮਿਲਦਾ ਹੈ, ਜਦਕਿ ਬਲੈਕ ਕਣਕ ਦੀ ਕੀਮਤ 3230 ਰੁਪਏ ਹੈ।