ਦੇਸੀ ਭਾਸ਼ਾ ਵਿੱਚ ਸੁਣੋ ਪਿੱਠ ਦਰਦ ਦੇ ਹੱਲ | Back pain: Causes, Symptoms, and Treatments | Surkhab TV

ਮਨੁੱਖੀ ਰੀੜ੍ਹ ਦੀ ਹੱਡੀ ਛੋਟੀਆਂ-ਮੋਟੀਆਂ ਹੱਡੀਆਂ ਨਾਲ ਸਬੰਧਤ ਹੈ। ਇਹ ਹੱਡੀਆਂ ਪੱਠਿਆਂ ਨਾਲ ਇਸ ਤਰ੍ਹਾਂ ਜੁੜੀਆਂ ਹੋਈਆਂ ਹੁੰਦੀਆਂ ਹਨ ਕਿ ਇਨ੍ਹਾਂ ਨੂੰ ਹਰ ਤਰ੍ਹਾਂ ਨਾਲ ਸਿੱਧਾ ਅਤੇ ਮਜ਼ਬੂਤ ਰੱਖਦੀਆਂ ਹਨ। ਪੱਠਿਆਂ ਦੇ ਨਾਲ-ਨਾਲ ਦੋ ਹੱਡੀਆਂ ਅਜਿਹੀਆਂ ਹਨ, ਜਿਹੜੀਆਂ ਸ਼ਾਕ ਅਬਜ਼ਰਵਰਾਂ ਦਾ ਕੰਮ ਕਰਦੀਆਂ ਹਨ ਅਤੇ ਇਨ੍ਹਾਂ ਦੋਵਾਂ ਦਾ ਸਬੰਧ ਪਿੱਠ ਤੋਂ ਐਨ ਹੇਠਾਂ ਸਿੱਧਾ ਰੀੜ੍ਹ ਦੀ ਹੱਡੀ ਥੱਲ੍ਹੇ ਬਣੀ ਚੱਪਣੀ ਨਾਲ ਹੁੰਦਾ ਹੈ, ਜਿਸਨੂੰ ਡਿਸਕ ਵੀ ਕਿਹਾ ਜਾਂਦਾ ਹੈ। ਪਿੱਠ ਦਰਦ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਜ਼ਿਆਦਾ ਦੇਰ ਤਕ ਬੈਠੇ ਰਹਿਣ ਨਾਲ ਪੱਠਿਆਂ ਉਪਰ ਵਧੇਰੇ ਜ਼ੋਰ ਪੈਂਦਾ ਹੈ ਅਤੇ ਉਸ ਵਕਤ ਨਾੜਾਂ ਵਿੱਚ ਖਿਚਾਅ ਵਧ ਜਾਂਦਾ ਹੈ। ਕਈ ਵਾਰ ਇਹ ਦਰਦ ਹੱਡੀਆਂ ਦਾ ਠੀਕ ਤਰ੍ਹਾਂ ਨਾਲ ਵਿਕਾਸ ਨਾ ਹੋਣ ਕਾਰਨ ਵੀ ਹੋ ਸਕਦੀ ਹੈ। ਇਹੋ ਜਿਹੇ ਕੇਸ ਆਮ ਤੌਰ ’ਤੇ ਬਚਪਨ ’ਚ ਦੇਖਣ ਨੂੰ ਮਿਲਦੇ ਹਨ। ਹੋਰ ਕਾਰਨਾਂ ਵਿੱਚ ਰੀੜ੍ਹ ਦੀ ਹੱਡੀ ਜਾਂ ਇਸ ਨਾਲ ਸਬੰਧਤ ਹੋਰ ਹੱਡੀਆਂ ਉਪਰ ਕਿਸੇ ਸੱਟ ਆਦਿ ਦਾ ਲੱਗ ਜਾਣਾ ਹੈ। ਟੀ.ਬੀ. ਗੁਰਦਿਆਂ ਦੀ ਖਰਾਬੀ ਅਤੇ ਅਲਸਰ ਵਰਗੀਆਂ ਬੀਮਾਰੀਆਂ ਇਸ ਰੋਗ ਦਾ ਕਾਰਨ ਬਣਦੀਆਂ ਹਨ। ਇੱਥੇ ਇੱਕ ਗੱਲ ਵਿਚਾਰਨਯੋਗ ਹੈ ਕਿ ਮਾਹਵਾਰੀ ਦੌਰਾਨ ਔਰਤਾਂ ਨੂੰ ਜੋ ਪਿੱਠ ਦਰਦ ਹੁੰਦੀ ਹੈ, ਉਸ ਦਾ ਇਸ ਬੀਮਾਰੀ ਨਾਲ ਕੋਈ ਸਬੰਧ ਨਹੀਂ ਹੁੰਦਾ, ਕਿਉਂਕਿ ਇਹ ਦਰਦ ਸਿਰਫ਼ ਖ਼ੂਨ ਦੀ ਖਰਾਬੀ ਕਾਰਨ ਹੀ ਹੁੰਦੀ ਹੈ। ਪਿੱਠ ਦਰਦ ਕੇਵਲ ਜਿਸਮਾਨੀ ਵਜ੍ਹਾ ਕਰਕੇ ਹੀ ਨਹੀਂ ਸਗੋਂ ਦਿਮਾਗੀ ਹਾਲਤਾਂ ਕਰਕੇ ਵੀ ਹੋ ਸਕਦੀ ਹੈ। ਭਾਵੇਂ ਇਸ ਨੂੰ ਬਹੁਤਾ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ, ਫਿਰ ਵੀ ਇਹ ਕਾਫ਼ੀ ਪੇਚੀਦਾ ਰੋਗ ਹੈ। ਇੱਕ ਸਰਵੇਖਣ ਅਨੁਸਾਰ ਦਰਮਿਆਨੀ ਉਮਰ ਦੇ ਬਹੁਤ ਸਾਰੇ ਲੋਕ ਇਸ ਰੋਗ ਤੋਂ ਪੀੜਤ ਹਨ। ਬਹੁਤੇ ਕੰਮਾਂ ’ਚ ਜਦੋਂ ਆਦਮੀ ਕੰਮ ਕਰਨ ਲੱਗਿਆਂ ਠੀਕ ਤਰੀਕੇ ਨਾਲ ਨਹੀਂ ਬੈਠਦਾ ਤਾਂ ਉਸ ਸਮੇਂ ਉਸ ਦੀਆਂ ਨਾੜਾਂ ’ਤੇ ਨਿਰੰਤਰ ਦਬਾਅ ਪੈਂਦਾ ਹੈ ਜੋ ਨਾੜਾਂ ਨੂੰ ਖਿੱਚਦਾ ਹੈ ਅਤੇ ਇਹ ਤਣ ਜਾਂਦੀਆਂ ਹਨ ਤੇ ਦਰਦ ਸ਼ੁਰੂ ਹੋ ਜਾਂਦੀ ਹੈ। ਜਿਹੜੇ ਲੋਕ ਦਿਮਾਗੀ ਕੰਮ ਜ਼ਿਆਦਾ ਨਹੀਂ ਕਰਦੇ ਅਤੇ ਜਿਸਮਾਨੀ ਮਜ਼ਦੂਰੀ ਕਰਦੇ ਹਨ, ਉਨ੍ਹਾਂ ਨੂੰ ਵੀ ਪਿੱਠ ਦਰਦ ਦੀ ਅਕਸਰ ਸ਼ਿਕਾਇਤ ਰਹਿੰਦੀ ਹੈ। ਦਫ਼ਤਰਾਂ ਆਦਿ ਵਿੱਚ ਜਿਨ੍ਹਾਂ ਲੋਕਾਂ ਨੂੰ ਲੰਮੇ ਸਮੇਂ ਤਕ ਕੁਰਸੀ ਉਪਰ ਬੈਠਣਾ ਪੈਂਦਾ ਹੈ, ਉਨ੍ਹਾਂ ਨੂੰ ਵੀ ਇਹ ਰੋਗ ਅਵੇਸਲਿਆਂ ਹੀ ਹੋ ਜਾਂਦਾ ਹੈ। ਬੱਚੇ ਦੀ ਪੈਦਾਇਸ਼ ਤੋਂ ਬਾਅਦ ਔਰਤਾਂ ਵਿੱਚ ਵੀ ਇਹ ਰੋਗ ਅਕਸਰ ਵੇਖਣ ਨੂੰ ਮਿਲਦਾ ਹੈ। ਬੱਚੇ ਦੇ ਜਨਮ ਪਿੱਛੋਂ ਨਾੜਾਂ ਖਿੱਚੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਨੂੰ ਜ਼ਿਆਦਾ ਦੇਰ ਤਕ ਆਰਾਮ ਨਹੀਂ ਮਿਲਦਾ ਜਿਸ ਕਰਕੇ ਪੱਠਿਆਂ ਵਿੱਚ ਦਰਦ ਸ਼ੁਰੂ ਹੋ ਜਾਂਦੀ ਹੈ। ਇੱਥੇ ਇਕ ਗੱਲ ਨੋਟ ਕਰਨ ਵਾਲੀ ਹੈ ਕਿ ਬਹੁਤ ਸਾਰੀਆਂ ਔਰਤਾਂ ਦੇ ਪੱਠਿਆਂ ਵਿੱਚ ਦਰਦ ਬੱਚੇ ਦੀ ਪੈਦਾਇਸ਼ ਤੋਂ ਕੁਝ ਸਮੇਂ ਬਾਅਦ ਉੱਕਾ ਹੀ ਹਟ ਜਾਂਦੀ ਹੈ। ਕੁਝ ਕੇਸਾਂ ਵਿੱਚ ਹੋਰ ਬੀਮਾਰੀਆਂ ਦਾ ਵੀ ਆ ਜਾਣਾ ਸ਼ਾਮਲ ਹੈ। ਇਨ੍ਹਾਂ ਵਿੱਚੋਂ ਵਧੇਰੇ ਕਰਕੇ ਪੇਟ ਗੈਸ ਹੈ। ਇਸ ਨਾਲ ਪੇਟ ਵਿੱਚ ਮੱਠਾ-ਮੱਠਾ ਦਰਦ ਰਹਿੰਦਾ ਹੈ ਅਤੇ ਪਿੱਠ ਦੀ ਡਿਸਕ ਵੀ ਕਈ ਵਾਰ ਇੱਧਰ-ਉੱਧਰ ਹੋ ਜਾਂਦੀ ਹੈ। ਕਿਸੇ ਸੱਟ-ਫੇਟ, ਅਚਾਨਕ ਹੰਭਲਾ ਮਾਰਨ ਜਾਂ ਦਬਾਅ ਪੈਣ ਨਾਲ ਵੀ ਡਿਸਕ ਆਪਣੀ ਅਸਲੀ ਥਾਂ ਤੋਂ ਹਿੱਲ ਜਾਂਦੀ ਹੈ ਜਿਸ ਨਾਲ ਦੂਸਰੀਆਂ ਹੱਡੀਆਂ ਦੀਆਂ ਜੜ੍ਹਾਂ ਉਪਰ ਦਬਾਅ ਪੈਂਦਾ ਹੈ।