ਝੋਨੇ ਦੀ ਪਰਾਲੀ ਦਾ ਅਜੇ ਵੀ ਨਹੀਂ ਮਿਲਿਆ ਕੋਈ ਪੱਕਾ ਹੱਲ, ਕੀ ਇਸ ਵਾਰ ਵੀ ਲੱਗਣਗੀਆਂ ਅੱਗਾਂ?

ਹਰ ਸਾਲ ਦੀ ਤਰਾਂ ਇਸ ਸਾਲ ਵੀ jਝੋਨੇ ਦੀ ਪਰਾਲੀ ਦੀ ਸੰਭਾਲ ਦਾ ਕੋਈ ਠੋਸ ਤਰੀਕਾ ਨਹੀਂ ਮਿਲ ਸਕਿਆ ਹੈ ਜਿਸ ਕਾਰਨ ਇਸ ਵਾਰ ਵੀ ਪਰਾਲੀ ਨੂੰ ਅੱਗ ਲਗਾਉਣ ਤੋਂ ਬਿਨਾ ਕਿਸਾਨਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ। ਕਿਸਾਨਾਂ ਅਤੇ ਕਿਸਾਨ ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਝੋਨੇ ਦੀ ਪਰਾਲੀ ਦਾ ਸਿਰਫ ਇੱਕ ਹੈ ਜੋ ਕਿ ਪਰਾਲੀ ਤੋਂ ਬਿਜਲੀ ਬਣਾਉਣਾ ਹੈ। ਜਾਂ ਫਿਰ ਸਰਕਾਰ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਦੀ ਸਬਸਿਡੀ ਦੇਵੇ ਤਾਂ ਜੋ ਕਿਸਾਨ ਖ਼ੁਦ ਇਸ ਦੀ ਸੰਭਾਲ ਕਰ ਸਕਣ।ਦੂਜੇ ਪਾਸੇ ਇਸ ਸਬੰਧੀ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਪਰਾਲੀ ਦਾ ਇੱਕੋ ਹੀ ਹੱਲ ਹੈ ਇਸਨੂੰ ਜ਼ਮੀਨ ਵਿਚ ਹੀ ਖਪਤ ਕਰਨਾ ਹੈ। ਪਰਾਲੀ ਦਾ ਮਲਚਰ ਮਸ਼ੀਨਾਂ ਨਾਲ ਖੇਤ ‘ਚ ਕੁਤਰਾ ਕਰ ਕੇ ਜ਼ਮੀਨ ‘ਚ ਰਲਾਇਆ ਜਾਵੇ। ਬਿਜਲੀ ਬਣਾਉਣ ਦਾ ਤਰੀਕਾ ਸਫ਼ਲ ਨਹੀਂ। ਇਸ ਸਬੰਧੀ ਖੇਤੀਬਾੜੀ ਮਹਿਕਮੇ ਦੇ ਸਕੱਤਰ ਕਾਹਨ ਸਿੰਘ ਪੰਨੂੰ ਨੇ ਕਿਹਾ ਕਿ ਪਰਾਲੀ ਨਾਲ ਬਿਜਲੀ ਬਣਾਉਣ ਵਿਚ 8 ਰੁਪਏ ਪ੍ਰਤੀ ਯੂਨਿਟ ਦਾ ਖਰਚਾ ਆਉਂਦਾ ਹੈ।ਜਦਕਿ ਬਾਕੀ ਤਰੀਕਿਆਂ ਨਾਲ ਬਿਜਲੀ 4 ਰੁਪਏ ਪ੍ਰਤੀ ਯੂਨਿਟ ਵਿਚ ਬਣ ਜਾਂਦੀ ਹੈ। ਇਸ ਲਈ ਇਸਦਾ ਇੱਕੋ ਹੱਲ ਹੈ ਕਿ ਕਿਸਾਨ ਪਰਾਲੀ ਨੂੰ ਮਲਚਰ ਮਸ਼ੀਨਾਂ ਨਾਲ ਖੇਤਾਂ ‘ਚ ਹੀ ਮਿਲਾ ਦੇਣ। ਇਸ ਨਾਲ ਪਰਾਲੀ ਦੀ ਸੰਭਾਲ ਵੀ ਹੋਵੇਗੀ ਅਤੇ ਇਸ ਤੋਂ ਖਾਦ ਵੀ ਬਣਾਈ ਜਾ ਸਕੇਗੀ। ਇਸੇ ਤਰਾਂ ਖੜ੍ਹੀ ਪਰਾਲੀ ‘ਚ ਹੀ ਜ਼ੀਰੋ ਡਰਿੱਲ ਨਾਲ ਕਣਕ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ਪਿਛਲੇ ਸਾਲ ਵੀ ਵੱਡੇ ਪੱਧਰ ‘ਤੇ ਕਿਸਾਨਾਂ ਨੂੰ ਮਸ਼ੀਨਾਂ ਦਿਤੀਆਂ ਗਈਆਂ ਹਨ ਅਤੇ ਇਸ ਵਾਰ ਹੋਰ ਵੀ ਦਿਤੀਆਂ ਜਾਣਗੀਆਂ।
ਪਰ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਲਈ ਇਹ ਸੰਭਵ ਨਹੀਂ ਕਿ ਉਹ 1800 ਕਰੋੜ ਦੀ ਸਬਸਿਡੀ ਦੇ ਸਕੇ। ਪੰਜਾਬ ਸਰਕਾਰ ਨੇ ਪਿਛਲੇ ਦਿਨ ਸੁਪਰੀਮ ਕੋਰਟ ‘ਚ ਵੀ ਸਪਸ਼ਟ ਕਰ ਦਿਤਾ ਹੈ ਕਿ ਸਰਕਾਰ ਪਾਸ ਸਬਸਿਡੀ ਦੇਣ ਲਈ ਪੈਸਾ ਉਪਲਬਧ ਨਹੀਂ ਹੈ। ਇਸ ਸਬੰਧੀ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਮਲਚਰ ਮਸ਼ੀਨਾਂ ਨਾਲ ਖੇਤ ‘ਚ ਕੁਤਰਾ ਕਰ ਕੇ ਰਲਾਈ ਗਈ ਪਰਾਲੀ ਵਾਲੇ ਖੇਤਾਂ ‘ਚ ਜੰਮਦੀ ਕਣਕ ਨੂੰ ਹੀ ਸੁੰਡੀ ਪੈ ਜਾਂਦੀ ਹੈ।ਪਿਛਲੇ ਸਾਲ ਵੀ ਇਸ ਤਰੀਕੇ ਨਾਲ ਬੀਜੀ ਗਈ ਕਣਕ ਖਰਾਬ ਹੋ ਗਈ ਸੀ ਅਤੇ ਕਿਸਾਨਾਂ ਨੂੰ ਦੁਬਾਰਾ ਕਣਕ ਬੀਜਣੀ ਪਈ। ਨਾਲ ਹੀ ਇੱਕ ਸਮੱਸਿਆ ਇਹ ਵੀ ਹੈ ਕਿ ਜ਼ੀਰੋ ਡਰਿੱਲ ਨਾਲ ਬੀਜੀ ਕਣਕ ਦਾ ਝਾੜ ਘੱਟ ਨਿਕਲਦਾ ਹੈ। ਸ. ਪੰਨੂੰ ਨੇ ਕਿਹਾ ਕਿ ਪਿਛਲੇ ਸਾਲ ਲਗਭਗ 60 ਫ਼ੀਸਦੀ ਕਿਸਾਨਾਂ ਵੱਲੋਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕੀਤੀ ਗਈ ਸੀ। ਇਸ ਸਾਲ ਹੋਰ ਮਸ਼ੀਨਾਂ ਦਿਤੀਆਂ ਜਾ ਰਹੀਆਂ ਹਨ।
ਹਾਲਾਂਕਿ ਪੰਜਾਬ ‘ਚ ਕਰੀਬ 1600 ਏਕੜ ਰਕਬੇ ‘ਚ ਕਣਕ ਨੂੰ ਸੁੰਡੀ ਪੈਣ ਦੀ ਸ਼ਿਕਾਇਤ ਆਈ, ਪਰ ਇਹ ਚਿੰਤਾ ਦੀ ਗੱਲ ਨਹੀਂ ਹੈ ਕਿਉਂਕਿ ਸੁੰਡੀ ਨੂੰ ਸਪਰੇਅ ਕਰ ਕੇ ਖ਼ਤਮ ਕੀਤਾ ਜਾ ਸਕਦਾ ਹੈ। ਉੁਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜ਼ੀਰੋ ਡਰਿੱਲ ਨਾਲ ਝੋਨੇ ਦੀ ਖੜ੍ਹੀ ਪਰਾਲੀ ‘ਚ ਕਣਕ ਦੀ ਬਿਜਾਈ ਵੀ ਸਫ਼ਲ ਹੈ। ਝਾੜ ਵੀ ਪੂਰਾ ਨਿਕਲਦਾ ਹੈ। ਕਿਸਾਨਾਂ ਨੂੰ ਅੱਗ ਲਗਾਉਣ ਦੇ ਪੁਰਾਣੇ ਢੰਗ ਛੱਡ ਕੇ ਇਹ ਤਕਨੀਕਾਂ ਅਪਣਾਉਣੀਆਂ ਚਾਹਦੀਆਂ ਹਨ।