Sikh News

ਜੇ ਕਦੇ ਖਾਲਿਸਤਾਨ (Khalistan) ਬਣਾਉਣਾਂ ਚਾਹੁੰਦੇ ਹੋ, ਤਾਂ ਮਾਲਕਾਂ ਵਾਂਗ ਸੋਚੋ

ਲੇਖਕ :-: ਵਰਪਾਲ ਸਿੰਘ ਨਿਊਜ਼ੀਲੈਂਡ
ਮੇਰੀ ਮੱਤ ਦੇ ਮੁਤਾਬਕ ਇਸ ਸਵਾਲ ਪ੍ਰਤੀ ਸਾਡੇ ਦਿਮਾਗ ਵਿਚਲੇ ਧੁੰਧਲੇਪਨ ਦਾ ਕਾਰਣ ਇਹ ਹੈ ਕਿ ਸਾਨੂੰ ਅਜੇ ਤੱਕ ਇਹੀ ਨਹੀਂ ਪਤਾ ਕਿ ਅਸੀਂ ਸਿੱਖ ਕੌਮ ਦੀ ਖੁਦਮੁਖਤਿਆਰੀ (ਅੰਮ੍ਰਿਤਸਰ) ਚਾਹੁੰਦੇ ਹਾਂ ਕਿ ਪੰਜਾਬ ਦੀ ਅਜਾਦੀ (ਖਾਲਿਸਤਾਨ)? ਜਿਹੜੇ ਪੰਜਾਬ ਦੀ ਅਜਾਦੀ (ਖਾਲਿਸਤਾਨ) ਲਈ ਜੱਦੋ-ਜਹਿਦ ਕਰਨੀ ਚਾਹੁੰਦੇ ਨੇ ਉਹ ਜਰੂਰ ਕਰਨ – ਪਰ ਇਹ ਨਾ ਕਹੋ ਕਿ ਪੰਜਾਬ ਦੀ ਅਜਾਦੀ ਵਿਚ ਹੀ ਸਿੱਖਾਂ ਦੀ ਖੁਦਮੁਖਤਿਆਰੀ ਸ਼ਾਮਲ ਹੈ। ਬਿਲਕੁਲ ਨਹੀਂ।
ਜੇਕਰ ਸਾਡਾ ਟੀਚਾ ਸਿੱਖਾਂ ਦੀ ਖੁਦਮੁਖਤਿਆਰੀ ਹੈ, ਤਾਂ ਸਾਨੂੰ ਇਹ ਸਮਝ ਜਾਣਾ ਚਾਹੀਦਾ ਹੈ ਕਿ ਇਸ ਖੁਦਮੁਖਤਿਆਰੀ ਬਾਰੇ ਨਾ ਟਕਸਾਲ ਗੱਲ ਕਰ ਰਹੀ ਹੈ, ਨਾ ਸਿਮਰਨਜੀਤ ਸਿੰਘ ਮਾਨ, ਅਤੇ ਨਾ ਕੋਈ ਹੋਰ।
ਜਿੰਨੀ ਦੇਰ ਤੱਕ ਅਸੀਂ ਇਸ ਫਰਕ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਲੈਂਦੇ ਕਿ ਜੇਕਰ ਖਾਲਿਸਤਾਨ ਬਣ ਵੀ ਜਾਂਦਾ ਹੈ ਉਸ ਨਾਲ ਸਿੱਖਾਂ ਦੀ ਖੁਦਮੁਖਤਿਆਰੀ ਨਹੀਂ ਮਿਲ ਜਾਣੀ, ਉਨੀਂ ਦੇਰ ਤੱਕ ਅਸੀਂ ਇਵੇਂ ਹੀ ਕੋਹਲੂ ਦੇ ਬੌਲਦ ਵਾਂਗ ਪੈਂਡਾ ਤਾਂ ਘੱਤੀ ਜਾਣਾ ਹੈ ਪਰ ਪਹੁੰਚਣਾ ਕਿਤੇ ਨਹੀਂ। ਇਸਦੇ ਉਧਾਰਣ ਵਜੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੇਖੋ – ਉਹਦੇ ਰਾਜ ਵਿਚ ਵੀ ਸਿੱਖ ਖੁਦਮੁਖਤਿਆਰ ਨਹੀਂ ਸਨ ਰਹੇ।
ਹੁਣ ਸਾਡੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਖਾਲਿਸਤਾਨ ਦਾ ਛਲਾਵਾ 70 ਸਾਲ ਤੱਕ ਸਾਨੂੰ ਮੂਰਖ ਬਣਾਉਣ ਵਿਚ ਕਾਮਯਾਬ ਕਿਵੇਂ ਰਿਹਾ ਹੈ? ਇਸ ਵਿਚ ਸੱਭ ਤੋਂ ਵੱਡੀ ਜਿੰਮੇਵਾਰੀ ਸਾਡੀ ਬਣਦੀ ਹੈ – ਕਿਉਂਕਿ ਅਸੀਂ ਖਾਲਿਸਤਾਨ ਦੇ ਝੰਡਾਬਰਦਾਰਾਂ ਨੂੰ ਲੋੜੀਂਦੇ ਸਵਾਲ ਨਹੀਂ ਪੁੱਛੇ। 1947 ਤੱਕ ਖਾਲਿਸਤਾਨ ਦੇ ਝੰਡਾਬਰਦਾਰ ਮਾਸਟਰ ਤਾਰਾ ਸਿੰਘ ਆਦਿ ਸਨ ਅਤੇ ਤਕਰੀਬਨ ਤੀਹ ਸਾਲ ਬਾਦ ਇਹ ਝੰਡਾ ਟਕਸਾਲ ਨੇ ਚੁੱਕ ਲਿਆ।
ਇਹ ਸਾਰੀ ਕਹਾਣੀ ਇੰਨੀ ਕੁ ਧੁੰਧ ਵਿਚ ਲੁਕੀ ਹੋਈ ਹੈ ਕਿ ਇਸਨੂੰ ਸਮਝਣਾ ਬੜਾ ਔਖਾ ਹੈ – ਮਸਲਨ ਕੀ ਸਿਮਰਨਜੀਤ ਸਿੰਘ ਮਾਨ, ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਬਾਦ ਖਾਲਿਸਤਾਨ ਦਾ ਝੰਡਾਬਰਦਾਰ ਬਣਿਆ ਜਾਂ ਠਾਕਰ ਸਿੰਘ ਕੋਲ ਖਾਲਿਸਤਾਨ ਦਾ ਝੰਡਾ ਗਿਆ?
ਕੀ ਅੱਜ ਖਾਲਿਸਤਾਨ ਦਾ ਝੰਡਾ ਹਰਨਾਮ ਸਿੰਘ ਧੁੰਮਾਂ ਕੋਲ ਹੈ ਜਾਂ ਕਿਸੇ ਹੋਰ ਕੋਲ?
ਜੇ ਹਰਨਾਮ ਸਿੰਘ ਧੁੰਮਾਂ ਕੋਲ ਇਹ ਝੰਡਾ ਹੈ ਤਾਂ ਉਹ ਤਾਂ ਬਾਦਲ ਦੇ ਚਰਣੀ ਬੈਠਾ ਹੈ! ਕੀ ਇਸਦਾ ਮਤਲਬ ਇਹ ਸਮਝਿਆ ਜਾਵੇ ਕਿ ਬਾਦਲ ਦਾ ਝੰਡਾ ਖਾਲਿਸਤਾਨ ਦੇ ਝੰਡੇ ਤੋਂ ਉਚੇਰਾ ਹੋ ਗਿਆ ਹੈ..
ਇਸ ਸਾਰੀ ਖਿਚੜੀ ਵਿਚ “ਸਿਖਜ਼ ਫੌਰ ਜਸਟਿਸ” ਵਾਲੇ ਕਿੱਥੇ ਆਉਂਦੇ ਨੇ? ਉਹਨਾਂ ਨੂੰ ਰਫਰੈਂਡਮ 2020 ਲਈ ਕਿਹੜੀ ਜਥੇਬੰਦੀ ਨੇ ਕਿਹਾ ਹੈ?
ਜਿਹੜੇ ਸੁਹਿਰਦ ਸਿੱਖ ਰਫਰੈਂਡਮ 2020 ਦੀ ਹਿਮਾਇਤ ਲਈ ਕੰਮ ਕਰ ਰਹੇ ਨੇ ਕੀ ਉਹਨਾਂ ਨੂੰ ਇਹ ਪਤਾ ਹੈ ਕਿ ਇਸ ਰਫਰੈਂਡਮ ਵਿਚ ਕੌਣ ਵੋਟ ਪਾ ਸਕਦਾ ਹੈ ਅਤੇ ਕੌਣ ਨਹੀਂ? ਇਸ ਰਫਰੈਂਡਮ ਲਈ ਵੋਟਰ ਵਜੋਂ ਰਜਿਸਟਰ ਹੋਣਾ ਪੈਣਾ ਹੈ ਜਾਂ ਨਹੀਂ? ਜੇ ਰਜਿਸਟਰ ਹੋਣਾ ਹੈ ਤਾਂ ਰਜਿਸਟਰ ਕੌਣ ਕਰ ਰਿਹਾ ਹੈ ਅਤੇ ਕਿਵੇਂ ਕਰ ਰਿਹਾ ਹੈ?
ਜਾਪਦਾ ਇਉਂ ਹੈ ਕਿ ਸਾਨੂੰ ਕੋਹਲੂ ਨਾਲ ਬੱਝਿਆਂ ਨੂੰ ਜਿਹੜਾ ਮਰਜੀ ਇਕ ਸੋਟਾ ਮਾਰ ਕੇ ਮੁੜ ਤੇਜ ਚਾਲ ਨਾ ਟੋਰ ਕੇ ਟੀਚੇ ਵੱਲ ਵੱਧਣ ਦਾ ਭਰਮ ਪਾ ਕੇ ਆਪਣਾ ਉਲੂ ਸਿਧਾ ਕਰਕੇ ਅਗਾਂਹ ਜਾਂਦੈ। ਸੱਭ ਤੋਂ ਪਹਿਲਾ ਕਰਤੱਵ ਹੁਣ ਸਾਡਾ ਹਰੇਕ ਦਾ ਇਹ ਬਣਦਾ ਹੈ ਕਿ ਅਸੀਂ ਜਿਹੜੇ ਵੀ ਕੋਹਲੂ ਨਾਲ ਬੱਝੇ ਹਾਂ – ਭਾਵੇਂ ਉਹ ਟਕਸਾਲ ਹੈ, ਮਾਨ ਦਲ ਹੈ, ਕੋਈ ਖਾੜਕੂ ਜੱਥੇਬੰਦੀ ਹੈ, ਨਾਨਕਸਰੀਏ ਨੇ, ਜਾਂ ਕੋਈ ਹੋਰ ਹੈ – ਪਹਿਲਾਂ ਅਸੀਂ ਉਹ ਰੱਸਾ ਖੋਲ ਕੇ ਆਲੇ-ਦੁਆਲੇ ਝਾਤ ਮਾਰ ਕੇ ਵੇਖੀਏ ਕਿ ਅਸੀਂ ਖੜ੍ਹੇ ਕਿਥੇ ਹਾਂ ਅਤੇ ਫਿਰ ਤੈਅ ਕਰੀਏ ਕਿ ਜਾਣਾ ਕਿਥੇ ਹੈ

Related Articles

Back to top button