ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਸਮਾਗਮ ਤੇ ਕਾਰਜ | Special Report (12 October 2019 Latest)

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ 1 ਨਵੰਬਰ ਤੋਂ 13 ਨਵੰਬਰ ਤਕ ਕਰਵਾਏ ਜਾ ਰਹੇ ਸ਼ਤਾਬਦੀ ਸਮਾਗਮ ਸ੍ਰੀ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ ਹਨ। ਸ਼ਤਾਬਦੀ ਸਮਾਗਮਾਂ ਸਬੰਧੀ ਉਲੀਕੇ ਗਏ ਪ੍ਰਰੋਗਰਾਮ ਅਨੁਸਾਰ 1 ਨਵੰਬਰ ਨੂੰ ਗੁਰਦੁਆਰਾ ਸ੍ਰੀ ਰਬਾਬਸਰ ਸਾਹਿਬ ਭਰੋਆਣਾ ਤੋਂ ਮਹਾਨ ਨਗਰ ਕੀਰਤਨ ਸੁਲਤਾਨਪੁਰ ਲੋਧੀ ਵਿਖੇ ਲਿਆਂਦਾ ਜਾਵੇਗਾ, ਜਿਸ ਵਿਚ ਦੁਨੀਆ ਭਰ ਦੇ 550 ਰਬਾਬੀ ਸ਼ਾਮਲ ਹੋਣਗੇ। 2 ਨਵੰਬਰ ਨੂੰ ਜਿਨ੍ਹਾਂ 15 ਹਜ਼ਾਰ ਦੇ ਕਰੀਬ ਸੰਗਤਾਂ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਸਹਿਜਪਾਠ ਸਾਹਿਬ ਆਰੰਭ ਕੀਤੇ ਹੋਏ ਹਨ, ਉਨ੍ਹਾਂ ਵੱਲੋਂ ਪਾਠ ਦੇ ਭੋਗ ਪਾਏ ਜਾਣਗੇ। ਉਪਰੰਤ ਸਾਰੇ ਪਾਠਾਂ ਦਾ ਸਾਂਝਾ ਅਰਦਾਸ ਸਮਾਗਮ ਹੋਵੇਗਾ ਅਤੇ ਰਾਤ ਨੂੰ ਕੀਰਤਨ ਅਤੇ ਕਥਾ ਦਰਬਾਰ ਹੋਵੇਗਾ। 3 ਨਵੰਬਰ ਨੂੰ ਦੇਸ਼ ਭਰ ਦੀਆਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੀਆਂ ਹਜ਼ਾਰਾਂ ਸੰਗਤਾਂ ਮਿਲ ਕੇ ਸੰਗਤੀ ਰੂਪ ਵਿਚ ਬੈਠ ਕੇ ਗੁਰਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨਗੀਆਂ ਅਤੇ ਭੋਗ ਉਪਰੰਤ ਉਨ੍ਹਾਂ ‘ਚੋਂ ਹੀ ਪੰਥਕ ਜੱਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ। 4 ਅਤੇ 5 ਨਵੰਬਰ ਨੂੰ ਸੂਬੇ ਦੇ ਸਮੂਹ ਸਕੂਲੀ ਬੱਚਿਆਂ ਦੇ ਗੁਰਬਾਣੀ, ਕੀਰਤਨ, ਕਥਾ ਅਤੇ ਕਵਿਤਾ ਮੁਕਾਬਲੇ ਕਰਵਾਏ ਜਾਣਗੇ। 6 ਨਵੰਬਰ ਨੂੰ ਸਾਰੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੇ ਗੁਰਮਤਿ ਸਮਾਗਮ ਹੋਣਗੇ। 7 ਨਵੰਬਰ ਨੂੰ ਦੁਨੀਆਂ ਭਰ ਦੀਆਂ ਸਮੂਹ ਸੰਗੀਤ ਅਕੈਡਮੀਆਂ ਦੇ ਵਿਦਿਆਰਥੀ ਅਤੇ ਰਾਗੀ, ਕਥਾ ਵਾਚਕ ਪਹਿਲੇ ਪਾਤਸ਼ਾਹ ਜੀ ਦੀ ਬਾਣੀ ਅਤੇ ਇਤਿਹਾਸ ਦਾ ਗੁਣਗਾਨ ਕਰਨਗੇ। 8 ਨਵੰਬਰ ਨੂੰ ਇੰਟਰਨੈਸ਼ਨਲ ਢਾਡੀ ਅਤੇ ਕਵੀ ਦਰਬਾਰ, 9 ਨਵੰਬਰ ਨੂੰ ਪੂਰਾ ਦਿਨ ਮਹਾਨ ਗੁਰਮਤਿ ਸਮਾਗਮ ਅਤੇ ਸ਼ਾਮ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਫਲਸਫੇ ਸਬੰਧੀ ਧਾਰਮਿਕ ਨਾਟਕ ਅਤੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਹੋਵੇਗਾ, 10 ਨਵੰਬਰ ਨੂੰ ਕੌਮਾਂਤਰੀ ਪੱਧਰ ਦਾ ਧਾਰਮਿਕ ਇਸਤਰੀ ਸੰਮੇਲਨ ਹੋਵੇਗਾ, ਜਿਸ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਵਲੋਂ ਇਸਤਰੀ ਜਾਤੀ ਲਈ ਕੀਤੇ ਪਰਉਪਕਾਰ ਚੇਤੇ ਕੀਤੇ ਜਾਣਗੇ ਅਤੇ ਗੁਰਬਾਣੀ ਕੀਰਤਨ ਹੋਵੇਗਾ। 11 ਨਵੰਬਰ ਨੂੰ ਰਾਗ ਦਰਬਾਰ ਹੋਵੇਗਾ,
ਜਿਸ ‘ਚ ਰਾਗਾਂ ‘ਤੇ ਆਧਾਰਤ ਗੁਰਬਾਣੀ ਦਾ ਕੀਰਤਨ ਹੋਵੇਗਾ, ਜਿਸ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਹੋਣਗੇ। 12 ਨਵੰਬਰ ਨੂੰ ਮੁੱਖ ਸਮਾਗਮ ਹੋਵੇਗਾ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਹੋਰ ਹਸਤੀਆਂ ਗੁਰੂ ਸਾਹਿਬ ਅਤੇ ਸੰਗਤਾਂ ਦੇ ਦਰਸ਼ਨ ਕਰਨਗੀਆਂ ਅਤੇ 13 ਨਵੰਬਰ ਨੂੰ ਸਮਾਪਤੀ ਸਮਾਗਮ ਹੋਵੇਗਾ। ਇਹਨਾਂ ਸਮਾਗਮਾਂ ਵਿਚ ਲੱਖਾਂ ਦੀ ਗਿਣਤੀ ਵਿਚ ਆਉਣ ਵਾਲੀ ਸੰਗਤ ਦੀ ਰਿਹਾਇਸ਼ ਦੇ ਪ੍ਰਬੰਧ ਵਜੋਂ ਹੁਣ ਤਕ ਤਰਨਤਾਰਨ ਸਾਹਿਬ, ਗੋਇੰਦਵਾਲ ਸਾਹਿਬ, ਕਪੂਰਥਲਾ, ਲੋਹੀਆਂ, ਸ਼ਾਹਕੋਟ, ਮਖੂ ਅਤੇ ਜਲੰਧਰ ਜ਼ਿਲ੍ਹੇ ਦੇ ਹੋਰ ਸ਼ਹਿਰਾਂ ਅਤੇ ਪਿੰਡਾਂ ਵਿਚ ਵੱਡੀ ਗਿਣਤੀ ‘ਚ ਸਕੂਲ, ਕਾਲਜ, ਪੈਲੇਸ ਅਤੇ ਕੋਠੀਆਂ ਆਦਿ ਬਾਹਰੋਂ ਆਉਣ ਵਾਲੀ ਸੰਗਤ ਦੀ ਰਿਹਾਇਸ਼ ਲਈ ਰਾਖਵੇਂ ਕੀਤੇ ਗਏ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਤੇ ਪੰਜਾਬ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਨੇੜੇ ਵੀ ਰਿਹਾਇਸ਼ ਲਈ ਵੱਡੀ ਪੱਧਰ ‘ਤੇ ਸਰਾਵਾਂ ਅਤੇ ਟੈਂਟ ਸਿਟੀ ਦੀਆਂ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਵੱਖੋ-ਵੱਖ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਸੁਲਤਾਨਪੁਰ ਲੋਧੀ ਵਿਖੇ ਬਹੁਤ ਥਾਵਾਂ ਤੇ ਸਰਾਵਾਂ ਆਦਿ ਵੀ ਉੱਸਦੀ ਵੀ ਕਰਵਾਈ ਹੈ।