Sikh News

ਗੁਰੁ ਨਾਨਕ ਸਾਹਿਬ ਜੀ ਦੇ ਚਰਨ ਛੂਹਣ ਨਾਲ ਫੁੱਟਿਆ ਚਸ਼ਮਾ | Bidhar | Nanak Jhira History

ਕਰਨਾਟਕ ਪ੍ਰਦੇਸ਼ ਦਾ ਇਕ ਜ਼ਿਲ੍ਹਾ ਨਗਰ , ਜਿਥੇ ਗੁਰੂ ਨਾਨਕ ਦੇਵ ਜੀ ਆਪਣੀ ਦੱਖਣ ਦੀ ਉਦਾਸੀ ਵੇਲੇ ਪਧਾਰੇ ਸਨ ਅਤੇ ਉਨ੍ਹਾਂ ਦੀ ਯਾਦ ਵਿਚ ‘ ਗੁਰਦੁਆਰਾ ਸ੍ਰੀ ਨਾਨਕ ਝੀਰਾ ਸਾਹਿਬ’ ਸਥਾਪਿਤ ਹੈ । ਇਸ ਨਗਰ ਵਿਚ ਗੁਰੂ ਜੀ ਦੀ ਆਮਦ ਵੇਲੇ ਬਹਮਨੀ ਸਲਤਨਤ ਦੀ ਰਾਜਧਾਨੀ ਸੀ । ਗੁਰੂ ਜੀ ਨੇ ਬਿਦਰ ਨਗਰ ਵਿਚ ਪਹੁੰਚ ਕੇ ਇਕ ਪਹਾੜੀ ਦੇ ਹੇਠਾਂ ਕਰਕੇ ਮੁਸਲਮਾਨ ਫ਼ਕੀਰਾਂ ਦੀ ਖ਼ਾਨਕਾਹ ਕੋਲ ਡੇਰਾ ਲਗਾ ਦਿੱਤਾ । ਕੁਝ ਦੇਰ ਬਾਦ ਮਰਦਾਨੇ ਨੇ ਰਬਾਬ ਵਿਚੋਂ ਸੁਰ ਕਢੀ ਅਤੇ ਗੁਰੂ ਨਾਨਕ ਦੇਵ ਜੀ ਨੇ ਬਾਣੀ ਦਾ ਉਚਾਰਣ ਸ਼ੁਰੂ ਕੀਤਾ । ਸਾਰਾ ਵਾਤਾਵਰਣ ਵਿਸਮਾਦੀ ਹੋ ਗਿਆ । ਖ਼ਾਨਕਾਹ ਵਿਚ ਬੈਠੇ ਪੀਰ ਜਲਾਲੁੱਦੀਨ ਦਾ ਧਿਆਨ ਉਧਰ ਨੂੰ ਗਿਆ । ਉਹ ਗੁਰੂ ਜੀ ਕੋਲ ਆਇਆ ਅਤੇ ਵਿਚਾਰ-ਵਟਾਂਦਰਾ ਕੀਤਾ । ਗੁਰੂ ਜੀ ਤੋਂ ਪ੍ਰਭਾਵਿਤ ਹੋਏ ਉਸ ਦੇ ਮੁਰੀਦਾਂ ਅਤੇ ਹੋਰ ਲੋਕਾਂ ਨੇ ਗੁਰੂ ਜੀ ਨੂੰ ਪ੍ਰਾਰਥਨਾ ਕੀਤੀ ਕਿ ਇਸ ਥਾਂ ਦਾ ਪਾਣੀ ਖਾਰਾ ਹੈ । ਸਾਨੂੰ ਇਸ ਸੰਕਟ ਤੋਂ ਮੁਕਤ ਕਰਾਉ । ਸਥਾਨਕ ਰਵਾਇਤ ਅਨੁਸਾਰ ਗੁਰੂ ਜੀ ਨੇ ਇਕ ਪੱਥਰ ਨੂੰ ਚੁਕਿਆ । ਉਸ ਦੇ ਹੇਠੋਂ ਮਿੱਠੇ ਜਲ ਦਾ ਚਸ਼ਮਾ ( ਝਰਨਾ ) ਫੁਟ ਨਿਕਲਿਆ । ਲੋਕਾਂ ਵਿਚ ਇਸ ਦਾ ਨਾਂ ‘ ਨਾਨਕ ਝੀਰਾਂ’ ਪ੍ਰਚਲਿਤ ਹੋਇਆ । ਗੁਰੂ ਨਾਨਕ ਦੇਵ ਜੀ ਦੇ ਚਲੇ ਜਾਣ ਤੋਂ ਬਾਦ ਮੁਸਲਮਾਨ ਪੀਰਾਂ ਨੇ ਉਸ ਝਰਨੇ ਦੀ ਵਿਵਸਥਾ ਕੀਤੀ । ਗੁਰੂ ਗੋਬਿੰਦ ਸਿੰਘ ਜੀ ਨਾਲ ਨਾਂਦੇੜ ਨੂੰ ਗਈ ਮਾਈ ਭਾਗੋ ਜਦੋਂ ਗੁਰੂ ਜੀ ਦੇ ਮਹਾਪ੍ਰਸਥਾਨ ਤੋਂ ਬਾਦ ਬਿਦਰ ਤੋਂ ਅੱਠ ਕਿ.ਮੀ ਦੀ ਵਿਥ ਉਤੇ ਜਨਵਾੜਾ ਨਾਂ ਦੇ ਪਿੰਡ ਵਿਚ ਆ ਵਸੀ , ਤਾਂ ਉਥੋਂ ਉਹ ਨਾਨਕ ਝੀਰਾ ਦੀ ਯਾਤ੍ਰਾ ਕਰਨ ਲਈ ਕਈ ਵਾਰ ਆਉਂਦੀ ਰਹੀ ।Gurudwara Nanak Jhira Sahib Place of Worship in Bidar - Video ...ਮੁਸਲਿਮ ਰਿਆਸਤ ਹੋਣ ਕਰਕੇ ਇਹ ਝੀਰਾ ਪੀਰ ਦੇ ਮੁਰਸ਼ਿਦਾਂ ਨੇ ਆਪਣੇ ਅਧਿਕਾਰ ਵਿਚ ਹੀ ਰਖਿਆ ਅਤੇ ਇਸ ਦਾ ਨਾਂ ‘ ਚਸ਼ਮੇ ਸ਼ਾਹਦਾਦ’ ਰਖ ਦਿੱਤਾ । ਸੰਨ 1947 ਈ. ਵਿਚ ਜਦੋਂ ਹੈਰਦਾਬਾਦ ਰਿਆਸਤ ਉਤੇ ਪੁਲਿਸ ਐਕਸ਼ਨ ਹੋਇਆ , ਤਾਂ ਸਿੱਖ ਸੈਨਾ ਨੇ ਸੰਨ 1948 ਈ. ਵਿਚ ਇਸ ਝੀਰੇ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਸੰਗਤ ਦੇ ਬੈਠਣ ਲਈ ਇਕ ਬੈਰਕ ਬਣਾ ਲਈ । ਸੰਨ 1950 ਈ. ਵਿਚ ਅਦਾਲਤ ਵਲੋਂ ਸਥਾਈ ਤੌਰ ’ ਤੇ ਇਹ ਧਰਮ- ਧਾਮ ਸਿੱਖਾਂ ਦੇ ਹਵਾਲੇ ਕਰ ਦਿੱਤਾ ਗਿਆ । ਸ. ਬਿਸ਼ਨ ਸਿੰਘ ਹੈਦਰਾਬਾਦ ਵਾਲੇ ਦੀ ਪ੍ਰਧਾਨਗੀ ਅਧੀਨ ‘ ਗੁਰਦੁਆਰਾ ਕਮੇਟੀ ਸ੍ਰੀ ਨਾਨਕ ਝੀਰਾ ਸਾਹਿਬ’ ਬਣਾਈ ਗਈ । ਸੰਨ 1966 ਈ. ਵਿਚ ਹਰਿਮੰਦਿਰ ਸਾਹਿਬ ਦੀ ਇਮਾਰਤ ਮੁਕੰਮਲ ਹੋਈ । ਫਿਰ ਸਹਿਜੇ ਸਹਿਜੇ ਗੁਰੂ ਨਾਨਕ ਬਿਸਰਾਮ ਘਰ , ਗੁਰੂ ਨਾਨਕ ਹਸਪਤਾਲ , ਅਜਾਇਬ ਘਰ , ਲੰਗਰ , ਸਰੋਵਰ ਅਤੇ ਅੰਮ੍ਰਿਤ ਕੁੰਡ ਦੀ ਉਸਾਰੀ ਹੁੰਦੀ ਗਈ । ਹੁਣ ਇਸ ਗੁਰੂ-ਧਾਮ ਦੀ ਇਕ ਵਿਸ਼ਾਲ ਇਮਾਰਤ ਉਸਰ ਚੁਕੀ ਹੈ ਅਤੇ ਇਕ ਇੰਜੀਨੀਅਰਿੰਗ ਕਾਲਜ ਦੀ ਸਥਾਪਨਾ ਵੀ ਹੋ ਚੁਕੀ ਹੈ । ਇਸ ਦਾ ਪ੍ਰਬੰਧ ਦੱਖਣ ਦੇ ਮੁੱਖ ਨਗਰਾਂ ( ਹੈਦਰਾਬਾਦ , ਵਾਰੰਗਲ , ਬੰਬਈ , ਨਾਂਦੇੜ ) ਦੇ ਪ੍ਰਤਿਨਿਧੀਆਂ ਦੀ ਕਮੇਟੀ ਕਰਦੀ ਹੈ । ਗੁਰੂ ਨਾਨਕ ਦੇਵ ਜੀ ਦਾ ਜਨਮ-ਪੁਰਬ ਅਤੇ ਹੋਲਾ ਮਹੱਲਾ ਵਿਸ਼ੇਸ਼ ਤੌਰ’ ਤੇ ਇਥੇ ਮੰਨਾਏ ਜਾਂਦੇ ਹਨ । ਇਨ੍ਹਾਂ ਮੌਕਿਆਂ ਉਤੇ ਦੂਰੋਂ ਦੂਰੋਂ ਸੰਗਤ ਆਉਂਦੀ ਹੈ । ਇਸ ਗੁਰੂ-ਧਾਮ ਦੇ ਦਰਸ਼ਨ ਕਰਨ ਨਾਲ ਪੱਛਮੀ ਪੰਜਾਬ ਵਿਚ ਰਹਿ ਗਏ ਗੁਰਦੁਆਰਾ ਪੰਜਾ ਸਾਹਿਬ ਦੀ ਯਾਦ ਤਾਜ਼ੀ ਹੋ ਜਾਂਦੀ ਹੈ ।

Related Articles

Back to top button