ਕਿਸਾਨਾਂ ਨੇ ਕਰਤਾ ਐਲਾਨ | 25 ਸਤੰਬਰ ਨੂੰ ਮੁਕੰਮਲ ‘ਪੰਜਾਬ ਬੰਦ’ | Surkhab TV

ਖੇਤੀ ਆਰਡੀਨੈਂਸਾਂ ਦੇ ਵਿਰੋਧ ‘ਚ ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਮੋਗਾ ‘ਚ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਬੈਠਕ ਕੀਤੀ ਗਈ। ਇਸ ਬੈਠਕ ‘ਚ 30 ਦੇ ਕਰੀਬ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚੇ। ਇਸ ਮੌਕੇ ਕਿਸਾਨਾਂ ਨੇ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਨੂੰ ਮਹਿਜ਼ ਡਰਾਮਾ ਦੱਸਿਆ ਹੈ ਤੇ ਸੰਨੀ ਦਿਓਲ ਜਿਨ੍ਹਾਂ ਨੇ ਆਰਡੀਨੈਂਸ ਦੇ ਹੱਕ ‘ਚ ਵੋਟਿੰਗ ਕੀਤੀ, ਉਹਨਾਂ ਨੂੰ ਕਿਸਾਨਾਂ ਨੇ ਖਰੀਆਂ-ਖਰੀਆਂ ਸੁਣਾਈਆਂ ਹਨ। ਕਿਸਾਨ ਆਗੂਆਂ ਕਿਹਾ ਕਿ ਕੱਲ੍ਹ ਰਾਜਸਭਾ ‘ਚ ਇਹ ਬਿੱਲ ਪੇਸ਼ ਹੋਣਾ ਹੈ, ਜਿਸ ਦੇ ਚਲਦਿਆਂ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਕੱਲ ਪੂਰੇ ਪੰਜਾਬ ‘ਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਆਰਡੀਨੈਂਸਾਂ ਦੀਆਂ ਕਾਪੀਆਂ ਸਾੜ੍ਹੀਆਂ ਜਾਣਗੀਆਂ।
ਕਿਸਾਨ ਆਗੂਆਂ ਨੇ ਅੱਗੇ ਦਸਿਆ ਕਿ 250 ਕਿਸਾਨ ਮਜ਼ਦੂਰ ਜਥੇਬੰਦੀਆਂ ਉਤੇ ਅਧਾਰਿਤ ਤਾਲਮੇਲ ਸੰਘਰਸ਼ ਕਮੇਟੀ ਵਲੋਂ 25 ਸਤੰਬਰ ਨੂੰ ਪੰਜਾਬ ਬੰਦ ਦੇ ਦਿਤੇ ਸੱਦੇ ਨੂੰ ਭਰਪੂਰ ਸਮਰਥਨ ਦਿਤਾ ਜਾਵੇਗਾ ਤੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ, ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਪੰਜਾਬ ਬੰਦ ਦੇ ਅੰਦੋਲਨ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਤੇ ਇਸ ਅੰਦੋਲਨ ਨੂੰ ਪੰਜਾਬ ਦੇ ਸਾਰੇ ਵਰਗਾਂ ਦਾ ਸੰਘਰਸ਼ ਬਣਾਉਣ ਦਾ ਸੱਦਾ ਦਿਤਾ ਗਿਆ।