Agriculture

ਕਣਕ ਦੀ ਫਸਲ ਤੋਂ ਲੈਣਾ ਚਾਹੁੰਦੇ ਹੋ ਚੰਗਾ ਝਾੜ ਤਾਂ ਕਰੋ ਇਹਨਾਂ ਕਿਸਮਾਂ ਦੀ ਬਿਜਾਈ,ਪੋਸਟ ਜਰੂਰ ਦੇਖੋ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਕਣਕ ਦੀ ਬਿਜਾਈ ਕਰਦੇ ਸਮੇਂ ਉਹ ਸਿਰਫ਼ ਇਕ ਹੀ ਕਿਸਮ ਦੀ ਬਿਜਾਈ ਨਾ ਕਰਨ ਸਗੋਂ ਕਣਕ ‘ਚ ਭਿੰਨਤਾ ਨੂੰ ਮੁੱਖ ਰੱਖਦੇ ਹੋਏ ਇਕ ਤੋਂ ਵੱਧ ਕਿਸਮਾਂ ਦੀ ਬਿਜਾਈ ਕਰਨ। ਇਸ ਤੋਂ ਇਲਾਵਾ ਵਿਗਿਆਨੀਆਂ ਨੇ ਵਧੇਰੇ ਝਾੜ ਲਈ ਕਿਸਾਨਾਂ ਨੂੰ ਸਿਰਫ਼ ਪ੍ਰਮਾਣਿਤ ਕਿਸਮਾਂ ਦੀ ਬਿਜਾਈ ਕਰਨ ਦੀ ਵੀ ਸਲਾਹ ਦਿੱਤੀ ਹੈ।ਵੱਖ-ਵੱਖ ਕਿਸਮਾਂ ਦੀ ਜ਼ਿਲ੍ਹੇਵਾਰ ਸਰਦਾਰੀ – ਪੰਜਾਬ ਵਿਚ ਕਰੀਬ 35 ਲੱਖ ਹੈਕਟੇਅਰ ਰਕਬੇ ‘ਚ ਕਣਕ ਬੀਜੀ ਜਾਂਦੀ ਹੈ। ਜੇ ਅਸੀਂ ਇਕ ਹੀ ਕਿਸਮ ਦੀ ਬਿਜਾਈ ਕਰਦੇ ਰਹਾਂਗੇ ਤਾਂ ਇਹ ਬਿਮਾਰੀਆਂ ਨੂੰ ਸਿੱਧ ਸੱਦਾ ਦੇਣ ਦੇ ਬਰਾਬਰ ਹੋਵੇਗਾ। ਪੰਜਾਬ ਵਿਚ ਪਿਛਲੇ ਕੁਝ ਸਾਲਾਂ ਤੋਂ ਇਕ ਹੀ ਕਿਸਮ ਦੀ ਬਿਜਾਈ ਵੱਧ ਤੋਂ ਵੱਧ ਰਕਬੇ ‘ਚ ਕੀਤੀ ਜਾ ਰਹੀ ਹੈ। ਜੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਕਾਫ਼ੀ ਕੁਝ ਬਦਲ ਚੁੱਕਾ ਹੈ। ਪਿਛਲੇ ਸਾਲ ਵੇਖਣ ‘ਚ ਆਇਆ ਕਿ ਕਿਸਾਨ ਵੱਖ-ਵੱਖ ਇਲਾਕਿਆਂ ਅਨੁਸਾਰ ਕਿਸਮ ਦੀ ਚੋਣ ਕਰਦੇ ਹਨ। ਸਾਲ 2018-19 ਵਿਚ ਅੰਮ੍ਰਿਤਸਰ ਜ਼ਿਲ੍ਹੇ ਵਿਚ ਕਣਕ ਦੀ ਪੀਬੀਡਬਲਿਊ-725 ਕਿਸਮ ਦੀ ਸਭ ਤੋਂ ਵੱਧ ਕਾਸ਼ਤ ਕੀਤੀ ਗਈ, ਜੋ ਕਰੀਬ 39.3 ਫ਼ੀਸਦੀ ਹੈ ਅਤੇ ਅਜੀਤਗੜ੍ਹ ਵਿਚ ਇਹ ਦਰ 26.1 ਫ਼ੀਸਦੀ ਰਹੀ। ਜਦਕਿ ਰੋਪੜ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿਚ ਉੱਨਤ ਪੀਬੀਡਬਲਿਊ-343 ਦੀ ਬਿਜਾਈ 24.5 ਫ਼ੀਸਦੀ ਤੇ 30.4 ਫ਼ੀਸਦੀ ਰਕਬੇ ‘ਚ ਕੀਤੀ ਗਈ। ਇਕ ਹੋਰ ਦਰਮਿਆਨੀ ਕਿਸਮ ਉੱਨਤ ਪੀਬੀਡਬਲਿਊ-550 ਦੀ ਨਵਾਂਸ਼ਹਿਰ ਜ਼ਿਲ੍ਹੇ ਵਿਚ ਸਭ ਤੋਂ ਵੱਧ 31.3 ਫ਼ੀਸਦੀ ਰਕਬੇ ‘ਚ ਕਾਸ਼ਤ ਕੀਤੀ ਗਈ। ਕੁਝ ਜ਼ਿਲ੍ਹਿਆਂ ਵਿਚ ਐੱਫਡੀ-3086 ਤੇ ਐੱਫਡੀ-2967 ਕਿਸਮਾਂ ਦੀ ਵੀ ਸਰਦਾਰੀ ਰਹੀ।ਝਾੜ ਅਤੇ ਕਿਸਮ ‘ਤੇ ਮੌਸਮ ਦਾ ਪ੍ਰਭਾਵ – ਪੰਜਾਬ ਵਿਚ ਚਾਹੇ ਕੁਝ ਕਿਸਾਨ ਅਜੇ ਵੀ ਐੱਫਡੀ-3086 ਤੇ ਐੱਚਡੀ-2967 ਕਿਸਮਾਂ ਦੀ ਬਿਜਾਈ ਕਰ ਰਹੇ ਹਨ ਪਰ ਉੱਨਤ ਪੀਬੀਡਬਲਿਊ-343, ਉੱਨਤ ਪੀਬੀਡਬਲਿਊ-550 ਤੇ ਪੀਬੀਡਬਲਿਊ-725 ਕਿਸਮਾਂ ਦੀ ਕਾਸ਼ਤ ਪੰਜਾਬ ਵਿਚ ਵੱਧ ਰਹੀ ਹੈ। ਇਨ੍ਹਾਂ ਕਿਸਮਾਂ ਨਾਲ ਪੀਲੀ ਤੇ ਭੂਰੀ ਕੁੰਗੀ ਨੂੰ ਰੋਕਣ ‘ਚ ਕਾਫ਼ੀ ਸਫਲਤਾ ਮਿਲੀ ਹੈ। ਸਾਲ 2018-19 ਕਣਕ ਲਈ ਕਾਫ਼ੀ ਵਧੀਆ ਰਿਹਾ, ਕਿਉਂਕਿ ਤਾਪਮਾਨ ਫ਼ਸਲ ਦੇ ਅਨੁਕੂਲ ਰਿਹਾ। ਕੁਝ ਜ਼ਿਲ੍ਹਿਆਂ ‘ਚ ਭਾਰੀ ਮੀਂਹ ਨੇ ਝਾੜ ਘੱਟ ਕੀਤਾ ਪਰ ਵੱਖ-ਵੱਖ ਕਿਸਮਾਂ ਦੀ ਬਿਜਾਈ ਕੀਤੇ ਜਾਣ ਕਾਰਨ ਪੰਜਾਬ ਵਿਚ ਕਣਕ ਦੀ ਰਿਕਾਰਡ ਪੈਦਾਵਾਰ ਹੋਈ। ਪੰਜਾਬ ਵਿਚ ਪਿਛਲੇ ਸਾਲ 35.20 ਲੱਖ ਹੈਕਟੇਅਰ ਰਕਬੇ ‘ਚ ਕਣਕ ਬੀਜੀ ਗਈ ਤੇ 51.73 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਆਇਆ ਅਤੇ 182.09 ਲੱਖ ਟਨ ਪੈਦਾਵਾਰ ਹੋਈ।ਇਸ ਲਈ ਇਹ ਅਹਿਮ ਹੈ ਕਿ ਕਿਸਾਨਾਂ ਨੂੰ ਸਿਰਫ਼ ਪ੍ਰਮਾਣਿਤ ਕਿਸਮਾਂ ਦੀ ਹੀ ਬਿਜਾਈ ਕਰਨੀ ਚਾਹੀਦੀ ਹੈ। ਅਪ੍ਰਮਾਣਿਤ ਕਿਸਮਾਂ ਬਿਮਾਰੀਆਂ ਦੇ ਪ੍ਰਭਾਵ ਹੇਠ ਛੇਤੀ ਆਉਂਦੀਆਂ ਹਨ ਤੇ ਨਤੀਜਨ ਝਾੜ ਘੱਟ ਮਿਲਦਾ ਹੈ। ਬਿਜਾਈ ਸਮੇਂ ਧਿਆਨ ਰੱਖੋ ਕਿ ਸਾਰੇ ਖੇਤਾਂ ਵਿਚ ਇਕ ਹੀ ਕਿਸਮ ਦੀ ਬਿਜਾਈ ਨਾ ਕਰ ਕੇ ਵੱਖ-ਵੱਖ ਕਿਸਮਾਂ ਬੀਜੀਆਂ ਜਾਣ। ਇਹ ਵੀ ਧਿਆਨ ਰੱਖੋ ਕਿ ਵੱਖ-ਵੱਖ ਕਿਸਮ ਦੀ ਬਿਜਾਈ ਵੱਖ-ਵੱਖ ਸਮੇਂ ‘ਤੇ ਕੀਤੀ ਜਾਵੇ। ਅਜਿਹਾ ਕਰਨ ਨਾਲ ਝਾੜ ਨਹੀਂ ਘਟਦਾ ਤੇ ਫ਼ਸਲ ਗਰਮੀ ਦੇ ਅਸਰ ਤੋਂ ਵੀ ਬਚੀ ਰਹਿੰਦੀ ਹੈ।ਸਮੇਂ ਸਿਰ ਬਿਜਾਈ ਲਈ ਕਿਸਮਾਂ – ਪੀਏਯੂ ਵੱਲੋਂ ਬੀਤੇ ਦੋ ਸਾਲਾਂ ਦੌਰਾਨ ਸਮੇਂ ਸਿਰ ਬਿਜਾਈ ਲਈ ਕਣਕ ਦੀਆਂ ਤਿੰਨ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ, ਇਨ੍ਹਾਂ ਵਿਚ ਉੱਨਤ ਪੀਬੀਡਬਲਿਊ-343 ਵੀ ਸ਼ਾਮਲ ਹੈ, ਜੋ ਪੁਰਾਣੀ ਕਿਸਮ ਪੀਬੀਡਬਲਿਈ-343 ਦਾ ਸੋਧਿਆ ਹੋਇਆ ਰੂਪ ਹੈ। ਇਹ ਕਿਸਮ ਬਿਮਾਰੀਆਂ ਤੋਂ ਰਹਿਤ ਹੈ। ਇਹ ਪੱਕਣ ਲਈ ਕਰੀਬ 155 ਦਿਨ ਲੈਂਦੀ ਹੈ ਤੇ ਔਸਤ ਝਾੜ 23.2 ਕੁਇੰਟਲ ਪ੍ਰਤੀ ਏਕੜ ਹੈ। ਭਾਰਤ ‘ਚ ਬਰੀਡਰ ਬੀਜ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਇਸ ਦੀ ਮੰਗ ਤੀਸਰੇ ਸਥਾਨ ‘ਤੇ ਹੈ। ਇਸ ਕਿਸਮ ਦੀ ਸਿਫ਼ਾਰਸ਼ ਪੰਜਾਬ ਸਮੇਤ ਸਾਰੇ ਉੱਤਰ ਪੱਛਮੀ ਭਾਰਤ ‘ਚ ਕੀਤੀ ਗਈ ਹੈ। ਇਕ ਏਕੜ ਲਈ 40 ਕਿੱਲੋ ਬੀਜ ਕਾਫ਼ੀ ਹੈ। ਜੇ ਕਿਸਾਨ ਕਣਕ ਦੀ ਬਿਜਾਈ ਨਵੰਬਰ ਦੇ ਦੂਜੇ ਹਫ਼ਤੇ ਤੋਂ ਕਰਨੀ ਹੋਵੇ ਤਾਂ ਪੀਏਯੂ ਵੱਲੋਂ ਉੱਨਤ ਪੀਬੀਡਬਲਿਊ-550 ਕਿਸਮ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਹ ਕਿਸਮ ਪੁਰਾਣੀ ਪੀਬੀਡਬਲਿਊ-550 ਦਾ ਸੋਧਿਆ ਹੋਇਆ ਰੂਪ ਹੈ। ਇਸ ਕਿਸਮ ਅਧੀਨ ਪੰਜਾਬ ‘ਚ ਰਕਬਾ ਵੱਧ ਰਿਹਾ ਹੈ। ਇਸ ਦੀ ਰੋਟੀ ਵਧੀਆ ਬਣਦੀ ਹੈ। ਪੁਰਾਣੀ ਪੀਬੀਡਬਲਿਊ-500 ਕਿਸਮ ਨੂੰ ਪੀਲੀ ਕੁੰਗੀ ਕਾਫ਼ੀ ਲੱਗ ਜਾਂਦੀ ਹੈ, ਇਸ ਲਈ ਇਸ ਕਿਸਮ ‘ਚ ਨਵੇਂ ਜੀਨਜ਼ ਪਾ ਕੇ ਇਸ ਨੂੰ ਬਿਮਾਰੀ ਰਹਿਤ ਕੀਤਾ ਗਿਆ ਹੈ। ਇਹ ਕਿਸਮ 145 ਦਿਨਾਂ ‘ਚ ਪੱਕਦੀ ਹੈ ਤੇ ਔਸਤ ਝਾੜ 23.0 ਕੁਇੰਟਲ ਪ੍ਰਤੀ ਏਕੜ ਹੈ।ਇਸ ਕਿਸਮ ਦੀ ਬਿਜਾਈ ਲਈ 45 ਕਿੱਲੋ ਬੀਜ ਪ੍ਰਤੀ ਏਕੜ ਵਰਤੋ। ਇਸ ਤੋਂ ਇਲਾਵਾ ਦੋ ਹੋਰ ਕਿਸਮਾਂ ਪੀਬੀਡਬਲਿਊ-725 ਤੇ ਪੀਬੀਡਬਲਿਊ-677 ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ। ਪੀਬੀਡਬਲਿਊ-725 ਕਿਸਮ 154 ਦਿਨਾਂ ‘ਚ ਪੱਕ ਜਾਂਦੀ ਹੈ ਤੇ ਔਸਤ ਝਾੜ 22.9 ਕੁਇੰਟਲ ਪ੍ਰਤੀ ਏਕੜ ਹੈ। ਪੀਬੀਡਬਲਿਊ-725 ਪੀਲੀ ਤੇ ਭੂਰੀ ਕੁੰਗੀ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ।ਇਸ ਵਿਚ ਕਾਫ਼ੀ ਮਾਤਰਾ ‘ਚ ਪ੍ਰੋਟੀਨ ਹੁੰਦੀ ਹੈ। ਇਹ ਕਿਸਮ ਗਰਮੀ ਨੂੰ ਸਹਾਰ ਲੈਂਦੀ ਹੈ ਤੇ ਵਧੀਆ ਝਾੜ ਦਿੰਦੀ ਹੈ। ਪੀਬੀਡਬਲਿਊ-677 ਕਿਸਮ ਵੀ ਵਧੀਆ ਝਾੜ ਦਿੰਦੀ ਹੈ। ਇਸ ਕਿਸਮ ਦਾ ਕੱਦ ਭਾਵੇਂ ਥੋੜ੍ਹਾ ਵੱਧ ਹੈ ਪਰ ਤਣਾ ਮਜ਼ਬੂਤ ਹੋਣ ਕਾਰਨ ਇਹ ਡਿੱਗਦੀ ਨਹੀਂ। ਇਹ ਕਰੀਬ 157 ਦਿਨਾਂ ‘ਚ ਪੱਕਦੀ ਹੈ ਤੇ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਵੀ ਪੀਲੀ ਤੇ ਭੂਰੀ ਕੁੰਗੀ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ।ਕਿਸਮਾਂ ਦੀ ਗੁਣਵੱਤਾ – ਗੁਣਵੱਤਾ ਦੀ ਗੱਲ ਕਰੇ ਤਾਂ ਪੀਬੀਡਬਲਿਊ-1 ਜ਼ਿੰਕ ਕਾਫ਼ੀ ਮਹੱਤਵਪੂਰਨ ਹੈ। ਇਸ ਕਿਸਮ ‘ਚ ਜ਼ਿੰਕ ਦੀ ਮਾਤਰਾ ਦੂਸਰੀਆਂ ਕਿਸਮਾਂ ਨਾਲੋਂ ਵੱਧ ਹੈ। ਸਾਡੇ ਸਰੀਰ ਲਈ ਜ਼ਿੰਕ ਇਕ ਜ਼ਰੂਰੀ ਤੱਤ ਹੈ ਤੇ ਇਹ ਤੱਤ ਸਰੀਰ ‘ਚ ਹੋਣ ਵਾਲੀਆਂ ਕਈ ਗਤੀਵਿਧੀਆਂ ਨਾਲ ਸਬੰਧ ਰੱਖਦਾ ਹੈ। ਬੱਚਿਆਂ ਦੇ ਵਾਧੇ ਵਾਸਤੇ ਜ਼ਿੰਕ ਕਾਫ਼ੀ ਅਹਿਮ ਹੈ। ਇਸ ਕਿਸਮ ਦੀ ਸਿਫ਼ਾਰਸ਼ ਪੰਜਾਬ ਸਮੇਤ ਸਾਰੇ ਉੱਤਰ-ਪੱਛਮੀ ਭਾਰਤ ਲਈ ਕੀਤੀ ਗਈ ਹੈ। ਇਹ 151 ਦਿਨਾਂ ‘ਚ ਪੱਕਦੀ ਹੈ ਤੇ ਔਸਤ ਝਾੜ 22.5 ਕੁਇੰਟਲ ਪ੍ਰਤੀ ਏਕੜ ਹੈ। ਮਟਰ, ਆਲੂ ਤੇ ਕਮਾਦ ਤੋਂ ਬਾਅਦ ਕਾਫ਼ੀ ਕਿਸਾਨ ਕਣਕ ਦੀ ਬਿਜਾਈ ਕਰਦੇ ਹਨ। ਉਨ੍ਹਾਂ ਖੇਤਰਾਂ ਵਾਸਤੇ ਯੂਨੀਵਰਸਿਟੀ ਵੱਲੋਂ ਇਕ ਨਵੀਂ, ਵੱਧ ਝਾੜ ਦੇਣ ਵਾਲੀ ਤੇ ਬਿਮਾਰੀਆਂ ਤੋਂ ਰਹਿਤ ਨਵੀਂ ਕਿਸਮ ਪੀਬੀਡਬਲਿਊ-752 ਦੀ ਸਿਫ਼ਾਰਸ਼ ਕੀਤੀ ਗਈ ਹੈ।ਨਵੀਂ ਕਿਸਮ ਪੀਬੀਡਬਲਿਊ-752 – ਪੀਬੀਡਬਲਿਊ-752 ਦੀ ਉਤਰ-ਪੱਛਮੀ ਭਾਰਤ ਵਿਚ ਪਿਛੇਤੀ ਬਿਜਾਈ ਵਾਸਤੇ ਸਿਫ਼ਾਰਸ਼ ਕੀਤੀ ਗਈ ਹੈ। ਇਸ ਕਿਸਮ ਦੇ ਸਾਰੇ ਭਾਰਤ ਵਿਚ ਕੁੱਲ 69 ਤਜਰਬੇ ਹੋਏ ਹਨ, ਜਿਨ੍ਹਾਂ ਵਿਚ 19.9 ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਹੋਇਆ। ਇਹ ਤਜਰਬੇ ਸਾਲ 2013 ਤੋਂ 2019 ਤਕ ਕੀਤੇ ਗਏ। ਕੁੱਲ 19 ਤਜਰਬਿਆਂ ਵਿਚ ਇਸ ਕਿਸਮ ਦਾ ਔਸਤ ਝਾੜ 20.8 ਕੁਇੰਟਲ ਪ੍ਰਤੀ ਏਕੜ ਰਿਹਾ, ਜੋ ਪੀਬੀਡਬਲਿਊ-658 ਨਾਲੋਂ 13.3 ਫ਼ੀਸਦੀ ਵੱਧ ਹੈ।ਇਹ ਕਿਸਮ ਪੀਲੀ ਤੇ ਭੂਰੀ ਕੁੰਗੀ ਦਾ ਟਾਕਰਾ ਕਰ ਸਕਦੀ ਹੈ ਤੇ ਕਰੀਬ 130 ਦਿਨਾਂ ‘ਚ ਪੱਕ ਜਾਂਦੀ ਹੈ। ਇਸ ਕਿਸਮ ਨੂੰ ਦਸੰਬਰ ਦੇ ਮਹੀਨੇ ਵਿਚ ਬੀਜਿਆ ਜਾ ਸਕਦਾ ਹੈ ਤੇ ਪ੍ਰਤੀ ਏਕੜ 40 ਕਿੱਲੋ ਬੀਜ ਦੀ ਲੋੜ ਪੈਂਦੀ ਹੈ। ਇਕ ਹੋਰ ਕਿਸਮ ਪੀਬੀਡਬਲਿਊ-658 ਦੀ ਵੀ ਪਿਛੇਤੀ ਬਿਜਾਈ ਲਈ ਸਿਫ਼ਾਰਸ਼ ਕੀਤੀ ਗਈ ਹੈ। ਇਹ 133 ਦਿਨਾਂ ‘ਚ ਪੱਕਦੀ ਹੈ ਤੇ ਔਸਤ ਝਾੜ 17.6 ਕੁਇੰਟਲ ਹੈ।ਬਰਾਨੀ ਹਾਲਾਤ ਲਈ ਕਿਸਮਾਂ – ਬਰਾਨੀ ਹਾਲਾਤ ਵਾਸਤੇ ਪੀਏਯੂ ਵੱਲੋਂ ਦੋ ਕਿਸਮਾਂ ਪੀਬੀਡਬਲਿਊ-660 ਤੇ ਪੀਬੀਡਬਲਿਊ-644 ਦੀ ਸਿਫ਼ਾਰਸ਼ ਕੀਤੀ ਗਈ ਹੈ। ਪੀਬੀਡਬਲਿਊ-660 ਪੱਕਣ ਲਈ ਕਰੀਬ 162 ਦਿਨ ਲੈਂਦੀ ਹੈ ਤੇ ਇਸ ਦਾ ਔਸਤ ਝਾੜ 17.1 ਕੁਇੰਟਲ ਪ੍ਰਤੀ ਏਕੜ ਹੈ, ਜਦਕਿ ਪੀਬੀਡਬਲਿਊ-644 ਦਾ ਝਾੜ 16.4 ਕੁਇੰਟਲ ਪ੍ਰਤੀ ਏਕੜ ਹੈ।ਕੁੰਗੀ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ – ਸਮੇਂ ਸਿਰ ਬਿਜਾਈ ਲਈ ਐੱਚਡੀ-3086 ਤੇ ਐੱਚਡੀ-2967 ਕਿਸਮਾਂ ਦੀ ਵੀ ਬਿਜਾਈ ਕੀਤੀ ਜਾ ਸਕਦੀ ਹੈ। ਐੱਚਡੀ-3086 ਨੂੰ ਪੀਲੀ ਤੇ ਭੂਰੀ ਕੁੰਗੀ ਰੋਗ ਲੱਗ ਸਕਦਾ ਹੈ। ਇਹ ਕਿਸਮ 146 ਦਿਨਾਂ ‘ਚ ਪੱਕਦੀ ਹੈ। ਐੱਚਡੀ-2967 ਦਾ ਭਾਵੇਂ ਰੁਝਾਨ ਵਧਿਆ ਹੈ ਪਰ ਇਸ ਦੀ ਬਿਜਾਈ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਨੂੰ ਪੀਲੀ ਕੁੰਗੀ ਬਹੁਤ ਜ਼ਿਆਦਾ ਲੱਗਦੀ ਹੈ, ਜਿਸ ਕਾਰਨ ਝਾੜ ਘੱਟ ਜਾਂਦਾ ਹੈ। ਡਬਲਿਊਐੱਚ-1105 ਉੱਪਰ ਵੀ ਪੀਲੀ ਤੇ ਭੂਰੀ ਕੁੰਗੀ ਦਾ ਕਾਫ਼ੀ ਹਮਲਾ ਹੁੰਦਾ ਹੈ। ਇਕ ਹੋਰ ਕਿਸਮ ਪੀਬੀਡਬਲਿਊ-621 ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ਇਹ 158 ਦਿਨਾਂ ‘ਚ ਪੱਕ ਜਾਂਦੀ ਹੈ ਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੇ ਸਮਰੱਥ ਹੈ ਪਰ ਪੀਲੀ ਕੁੰਗੀ ਦਾ ਟਾਕਰਾ ਘੱਟ ਕਰਦੀ ਹੈ। ਇਸ ਦਾ ਔਸਤ ਝਾੜ 21.1 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮਾਂ ਸਿਰਫ਼ ਉਨ੍ਹਾਂ ਇਲਾਕਿਆਂ ‘ਚ ਬੀਜੋ, ਜਿੱਥੇ ਪੀਲੀ ਤੇ ਭੂਰੀ ਕੁੰਗੀ ਘੱਟ ਲੱਗਦੀ ਹੈ।

Related Articles

Back to top button