ਇਧਰ ਵਿਰੋਧ,ਓਧਰ ਯਾਰੀਆਂ | ਆ ਗਈ Report | ਹੋ ਗਏ ਵੱਡੇ ਖੁਲਾਸੇ | Reliance Industries Limited | Surkhab TV

ਮਸਲਾ ਕਿਸਾਨ ਵਿਰੋਧੀ ਬਿੱਲਾਂ ਦਾ,ਮਸਲਾ ਕਿਸਾਨਾਂ ਦੇ ਸੰਘਰਸ਼ ਦਾ ਤੇ ਇਸੇ ਸੰਘਰਸ਼ ਚੋਂ ਕਾਰਪੋਰੇਟ ਘਰਾਣੇ ਦੇ ਇੱਕ ਵੱਡੇ ਨਾਮ ਮੁਕੇਸ਼ ਅੰਬਾਨੀ ਦਾ ਪੰਜਾਬ ਦੇ ਲੋਕ ਵਿਰੋਧ ਕਰ ਰਹੇ ਹਨ ਤੇ ਇਹ ਵਿਰੋਧ ਅੰਬਾਨੀ ਦੀ ਕੰਪਨੀ ਰਿਲਾਇੰਸ ਦੀਆਂ JIO ਸਿਮ ਬੰਦ ਕਰਵਾਕੇ ਅਤੇ ਰਿਲਾਇੰਸ ਦੇ ਪੰਪਾਂ ਤੋਂ ਤੇਲ ਨਾ ਭਰਵਾਕੇ ਕੀਤਾ ਜਾ ਰਿਹਾ। ਕਿਸਾਨ ਜਥੇਬੰਦੀਆਂ ਵੀ ਇਸ ਗੱਲ ਨੂੰ ਦੁਹਰਾ ਰਹੀਆਂ ਕਿ ਅੰਬਾਨੀਆਂ ਦਾ ਬਾਈਕਾਟ ਕੀਤਾ ਜਾਵੇ ਤੇ ਲੋਕ ਅਜਿਹਾ ਕਰ ਵੀ ਰਹੇ ਹਨ। ਪਰ ਇਸੇ ਵਿਚਕਾਰ ਇੱਕ ਵੱਡਾ ਪਹਿਲੂ ਸਾਹਮਣੇ ਆ ਰਿਹਾ ਹੈ ਜੋ ਰਿਲਾਇੰਸ ਦੇ ਪੈਟਰੋਲ ਪੰਪਾਂ ਦਾ ਹੈ। ਪੰਜਾਬੀ ਟ੍ਰਿਬਿਊਨ ਵਿਚ ਚਰਨਜੀਤ ਭੁੱਲਰ ਦੀ ਲੱਗੀ ਖਬਰ ਅਨੁਸਾਰ ਪੰਜਾਬ ਵਿਚ ਬਹੁਤ ਸਾਰੇ ਰਿਲਾਇੰਸ ਦੇ ਪੰਪ ਪੰਜਾਬ ਦੀਆਂ ਦੋਵੇਂ ਸਿਆਸੀ ਧਿਰਾਂ ਅਕਾਲੀ ਦਲ ਬਾਦਲ ਅਤੇ ਕਾਂਗਰਸ ਦੇ ਕੁਝ ਆਗੂਆਂ ਦੇ ਮਾਲਕੀ ਪੰਪ ਹਨ। ਅਸੀਂ ਇਹ ਪੂਰੀ ਰਿਪੋਰਟ ਤੇ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜੋ ਇਸ ਸਾਰੇ ਮਾਮਲੇ ਨੂੰ ਬਿਲਕੁਲ ਸਾਫ ਕਰ ਦੇਵੇਗੀ।ਇਸ ਖਬਰ ਮੁਤਾਬਕ ‘ਪੰਜਾਬ ’ਚ ਰਿਲਾਇੰਸ ਦੇ ਮਾਲਕ ਮੁਕੇਸ਼ ਅੰਬਾਨੀ ਦੇ ਪੈਟਰੋਲ ਪੰਪਾਂ ਨੂੰ ਦਰਜਨਾਂ ਸਿਆਸੀ ਆਗੂ ਚਲਾ ਰਹੇ ਹਨ, ਜਿਨ੍ਹਾਂ ਪੰਪਾਂ ਤੋਂ ਹੁਣ ਤੇਲ ਵਿਕਰੀ ਭੁੰਜੇ ਡਿੱਗੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਇਸ ਵੇਲੇ ਰਿਲਾਇੰਸ ਕੰਪਨੀ ਦੇ ਦੋ ਪੈਟਰੋਲ ਪੰਪ ਹਨ। ਬਾਦਲ ਪਰਿਵਾਰ ਦਾ ਜ਼ਿਲ੍ਹਾ ਮੁਕਤਸਰ ਵਿਚ ਪਿੰਡ ਰੁਪਾਣਾ ਕੋਲ ਰਿਲਾਇੰਸ ਪੰਪ ਹੈ, ਜਿਥੇ ਤੇਲ ਦੀ ਵਿਕਰੀ ਹੁਣ ਪੰਜ ਸੌ ਲਿਟਰ ਘੱਟ ਗਈ ਹੈ। ਦੂਸਰਾ ਪੰਪ ਬਠਿੰਡਾ ਜ਼ਿਲ੍ਹੇ ਦੇ ਪਿੰਡ ਡੂਮਵਾਲੀ ਕੋਲ ਹੈ, ਜਿਥੇ ਅੱਜ ਤੇਲ ਦੀ ਵਿਕਰੀ ਨਾਮਾਤਰ ਹੀ ਰਹੀਡੂਮਵਾਲੀ ਕੋਲ ਇਸ ਰਿਲਾਇੰਸ ਪੰਪ ’ਤੇ ਅੱਜ ਕਿਸਾਨਾਂ ਨੇ ਧਰਨਾ ਦਿੱਤਾ ਹੈ। ਬੀਕੇਯੂ (ਉਗਰਾਹਾਂ) ਵੱਲੋਂ ਖੇਤੀ ਕਾਨੂੰਨ ਬਣਨ ਮਗਰੋਂ ਅੰਬਾਨੀ ਦੇ ਕਾਰੋਬਾਰਾਂ ਦੇ ਅੱਗੇ ਧਰਨੇ ਦਿੱਤੇ ਜਾ ਰਹੇ ਹਨ। ਕਿਸਾਨਾਂ ਨੇ ਅੱਜ ਪੰਜਾਬ ਵਿੱਚ 15 ਤੇਲ ਪੰਪਾਂ ’ਤੇ ਧਰਨੇ ਦਿੱਤੇ ਹਨ। ਬਾਦਲ ਪਰਿਵਾਰ ਦੇ ਇਨ੍ਹਾਂ ਤੇਲ ਪੰਪਾਂ ਤੋਂ ਕਿਸਾਨ ਵੀ ਹਾਲੇ ਤੱਕ ਅਣਜਾਣ ਹੀ ਹਨ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਲੜਕੇ ਰਵੀ ਬਾਜਵਾ ਕੋਲ ਵੀ ਰਿਲਾਇੰਸ ਦਾ ਤੇਲ ਪੰਪ ਹੈ, ਜੋ ਕੱਥੂਨੰਗਲ ਵਿੱਚ ਹੈ।ਰਵੀ ਬਾਜਵਾ ਨੇ ਦੱਸਿਆ ਕਿ ਹੁਣ ਤੇਲ ਦੀ ਵਿਕਰੀ ’ਤੇ ਕਰੀਬ 30 ਫੀਸਦੀ ਦਾ ਅਸਰ ਪਿਆ ਹੈ ਅਤੇ ਅੱਜ ਗੱਡੀਆਂ ਜਾਮ ਵਿਚ ਫਸਣ ਕਰਕੇ ਤੇਲ ਪੰਪ ਡਰਾਈ ਵੀ ਹੋ ਗਿਆ ਹੈ। ਸਾਬਕਾ ਮੰਤਰੀ ਰਮਨ ਭੱਲਾ ਦੇ ਪਰਿਵਾਰ ਕੋਲ ਵੀ ਗੁਰਦਾਸਪੁਰ ਦੇ ਪਿੰਡ ਸਰਨਾ ਵਿੱਚ ਰਿਲਾਇੰਸ ਦਾ ਪੈਟਰੋਲ ਪੰਪ ਹੈ।ਸਾਬਕਾ ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦਾ ਵੀ ਭਗਤਾ ਭਾਈਕਾ ਵਿਖੇ ਰਿਲਾਇੰਸ ਦਾ ਪੰਪ ਹੈ। ਇਸ ਪੰਪ ਦੇ ਮੈਨੇਜਰ ਕਮਲ ਅਗਰਵਾਲ ਨੇ ਦੱਸਿਆ ਕਿ ਡੀਜ਼ਲ ਦੀ ਵਿਕਰੀ 25 ਤੋਂ 40 ਫੀਸਦੀ ਘੱਟ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਆਗੂ ਅੱਜ ਆਖ ਗਏ ਹਨ ਕਿ ਉਹ ਭਲਕੇ ਪੰਪ ਅੱਗੇ ਧਰਨਾ ਲਾਉਣਗੇ। ਫਤਹਿਗੜ੍ਹ ਸਾਹਿਬ ਵਿੱਚ ਵੀ ਇੱਕ ਪੰਥਕ ਆਗੂ ਦਾ ਰਿਲਾਇੰਸ ਪੈਟਰੋਲ ਪੰਪ ਹੈ। ਜ਼ਿਲ੍ਹਾ ਮੁਕਤਸਰ ਦੇ ਇੱਕ ਸਾਬਕਾ ਐੱਮਐੱਲਏ ਕੋਲ ਵੀ ਰਿਲਾਇੰਸ ਦੇ ਸ਼ੇਅਰ ਹਨ। ਗੜ੍ਹਸ਼ੰਕਰ ਵਿਚ ਵੀ ਇੱਕ ਪੁਰਾਣੇ ਅਕਾਲੀ ਅਤੇ ਮੌਜੂਦਾ ਕਾਂਗਰਸੀ ਆਗੂ ਕੋਲ ਰਿਲਾਇੰਸ ਦਾ ਪੰਪ ਹੈ। ਮਾਨਸਾ ਜ਼ਿਲ੍ਹੇ ਵਿਚ ਇੱਕ ਕਾਂਗਰਸੀ ਆਗੂ ਦਾ ਤੇਲ ਪੰਪ ਹੈ। ਹੁਸ਼ਿਆਰਪੁਰ ਦੇ ਰਿਲਾਇੰਸ ਪੰਪ ਡੀਲਰ ਵਿਵੇਕ ਕੁਮਾਰ ਨੇ ਦੱਸਿਆ ਕਿ ਦੋ ਦਿਨਾਂ ਦੌਰਾਨ ਪੰਜਾਹ ਫੀਸਦੀ ਸੇਲ ਘੱਟ ਗਈ ਹੈ। ਕਪੂਰਥਲਾ ਜ਼ਿਲ੍ਹੇ ਦੇ ਰਿਲਾਇੰਸ ਪੰਪ ਡੀਲਰ ਹਰਦੀਪ ਸਿੰਘ ਨੇ ਦੱਸਿਆ ਕਿ 20 ਫੀਸਦੀ ਵਿਕਰੀ ਪ੍ਰਭਾਵਿਤ ਹੋਈ ਹੈ। ਉਨ੍ਹਾਂ ਆਖਿਆ ਕਿ ਰਿਲਾਇੰਸ ਕੰਪਨੀ ਦੀ ਥਾਂ ਡੀਲਰ ਵੱਧ ਪ੍ਰਭਾਵਿਤ ਹੋ ਰਹੇ ਹਨ। ਵੇਰਵਿਆਂ ਅਨੁਸਾਰ ਪੰਜਾਬ ਵਿੱਚ ਰਿਲਾਇੰਸ ਦੇ 85 ਪੈਟਰੋਲ ਪੰਪ ਹਨ, ਜਿਨ੍ਹਾਂ ’ਚੋਂ 35 ਪੰਪ ਖੁਦ ਕੰਪਨੀ ਚਲਾ ਰਹੀ ਹੈ। ਪੂਰੇ ਮੁਲਕ ਵਿੱਚ ਰਿਲਾਇੰਸ ਕੰਪਨੀ ਦੇ 1394 ਤੇਲ ਹਨ, ਜਿਨ੍ਹਾਂ ’ਚੋਂ 50 ਪੈਟਰੋਲ ਪੰਪ ਹਰਿਆਣਾ ਵਿੱਚ ਵੀ ਹਨ। ਪੰਜਾਬ ਦੇ ਕਿਸਾਨ ਇਸ ਗੱਲੋਂ ਹੈਰਾਨ ਹਨ ਕਿ ਇੱਕ ਪਾਸੇ ਸਿਆਸੀ ਆਗੂ ਕਾਰਪੋਰੇਟਾਂ ਨੂੰ ਖੇਤੀ ਕਾਨੂੰਨਾਂ ਦੇ ਮਾਮਲੇ ’ਤੇ ਆੜੇ ਹੱਥੀਂ ਵੀ ਲੈ ਰਹੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਦੇ ਕਾਰੋਬਾਰਾਂ ਦੇ ਡੀਲਰ ਵੀ ਬਣੇ ਹੋਏ ਹਨ।ਸੋ ਕਹਿਣ ਨੂੰ ਸਾਰੀਆਂ ਸਿਆਸੀ ਧਿਰਾਂ ਕਿਸਾਨਾਂ ਦੀਆਂ ਹਮਾਇਤੀ ਹੋਣ ਦਾ ਦਾਅਵਾ ਕਰਦੀਆਂ ਹਨ ਪਰ ਅੰਦਰੋਂ ਅੰਦਰੀ ਇਹਨਾਂ ਦੇ ਕਾਰਪੋਰੇਟ ਜਗਤ ਨਾਲ ਵੀ ਹੱਥ ਮਿਲਾਏ ਹੋਏ ਹਨ ਜੋ ਇੱਕ ਤਰਾਂ ਨਾਲ ਧੋਖਾ ਹੀ ਕਿਹਾ ਜਾ ਸਕਦਾ ਹੈ। ਸੋ ਫੈਸਲਾ ਲੋਕਾਂ ਦਾ ਹੈ,ਕਿ ਅੱਗੇ ਕੀ ਕਰਨਾ ਹੈ। ਦੂਜੇ ਪਾਸੇ ਸਿਆਸੀ ਧਿਰਾਂ ਨੂੰ ਵੀ ਇਮਾਨਦਾਰੀ ਆਮ ਲੋਕਾਂ ਨਾਲ ਖੜੇ ਹੋਣਾ ਚਾਹੀਦਾ ਹੈ।