ਅੱਜ ਦੇ ਦਿਨ ਤੇ ਵਿਸ਼ੇਸ਼, ਖਾਲਸਾ ਕਾਲਜ ਵਾਲਾ ਚੰਗਿਆੜਾ ਕਿਵੇਂ ਬਣਿਆ ਭਾਈ ਜਿੰਦਾ

ਹਜ਼ਾਰਾਂ ਸਾਲਾਂ ਦੇ ਮਨੁੱਖੀ ਇਤਿਹਾਸ ਵਿਚ ਆਪਣੀ 545 ਸਾਲ ਦੀ ਬਾਲੜੀ ਉਮਰ ਵਾਲੀ ਸਿੱਖ ਕੌਮ ਨੂੰ ਇਹ ਮਾਣ ਹਾਸਲ ਹੈ ਕਿ ਉਸ ਦੇ ਗਗਨ ‘ਤੇ ਹਜ਼ਾਰਾਂ ਨਹੀਂ, ਲੱਖਾਂ ਖ਼ਾਲਸਾ ਜੀ ਦੇ ਇਹੋ ਜਿਹੇ ਚਮਕਦੇ ਸਿਤਾਰੇ ਹਨ, ਜੋ ਬੇਇਨਸਾਫ਼ੀ ਅਤੇ ਜ਼ੁਲਮ ਦੀ ਕਾਲੀ ਬੋਲੀ ਰਾਤ ਵਿਚ ਹੱਕ-ਸੱਚ-ਇਨਸਾਫ਼ ਦੇ ਹਰ ਪਾਂਧੀ ਨੂੰ ਰੌਸ਼ਨੀ ਭਰਪੂਰ, ਜਾਗਦੀਆਂ ਜ਼ਮੀਰਾਂ ਵਾਲਿਆਂ ਦੀ ਡਗਰ ‘ਤੇ ਤੁਰਨ ਵਿਚ ਅਗਵਾਈ ਤੇ ਹੌਸਲਾ ਬਖ਼ਸ਼ਦੇ ਹਨ। ਗੁਰੂ ਕਲਗ਼ੀਧਰ ਦੇ ਵਰੋਸਾਏ ਖ਼ਾਲਸਾ ਪੰਥ ਦੇ ਦੋ ਲਾਡਲੇ ਸਪੁੱਤਰਾਂ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਆਪਣੀ ਅਦੁੱਤੀ ਬਹਾਦਰੀ ਤੇ ਲਾਸਾਨੀ ਸ਼ਹਾਦਤ ਨਾਲ ਖ਼ਾਲਸਾਈ ਗਗਨ ਨੂੰ ਤਾਂ ਲਟ-ਲਟ ਰੌਸ਼ਨ ਕੀਤਾ ਹੀ ਹੈ ਪਰ ਨਾਲ ਹੀ ਉਹ ਅਜੋਕੇ ਖ਼ਾਲਿਸਤਾਨੀ ਸੰਗਰਾਮ ਦੇ ਮੁੱਖ ਕੇਂਦਰ ਬਿੰਦੂ ਵੀ ਹੋ ਨਿੱਬੜੇ ਹਨ। ਲੱਖਾਂ ਫ਼ੌਜਾਂ ਦੀ ਕਮਾਂਡ ਕਰਨ ਵਾਲਾ ਅਕਾਲ ਤਖ਼ਤ ਸਾਹਿਬ ‘ਤੇ ਹਮਲਾਵਰ ਜਨਰਲ ਵੈਦਿਆ ਤਾਂ ਇਤਿਹਾਸ ਦੇ ਘੱਟੇ ਵਿਚ ਗੁਆਚ ਗਿਆ ਹੈ ਪਰ ਭਾਈ ਜਿੰਦਾ ਤੇ ਭਾਈ ਸੁੱਖਾ ਖ਼ਾਲਿਸਤਾਨੀ ਫ਼ੌਜਾਂ ਦੇ ਸਦੀਵੀ ਜਰਨੈਲ ਸਥਾਪਤ ਹੋ ਗਏ ਹਨ, ਜਿਨ੍ਹਾਂ ਦੀ ਬਹਾਦਰੀ ਤੇ ਨਿਰਭੈਤਾ ਦਾ ਲੋਹਾ ਦੁਸ਼ਮਣ ਨੇ ਵੀ ਮੰਨਿਆ ਹੈ।
ਸੁੱਖਾ-ਜਿੰਦਾ ਦੀ ਸ਼ਹਾਦਤ ਸੱਚ ਮੁੱਚ ਹੀ ਅਦੁੱਤੀ ਹੈ, ਬਿਨਾ ਕਿਸੇ ਸ਼ੱਕ ਤੋਂ ਲਾਜਵਾਬ ਤੇ ਲਾਮਿਸਾਲ ਹੈ। ਇਹੋ ਜਿਹੇ ਬੰਦੇ ਸਧਾਰਨ ਨਹੀਂ ਹੁੰਦੇ, ਆਸਧਾਰਨ ਹੋਇਆ ਕਰਦੇ ਹਨ। ਉਦਾਹਰਣਾਂ, ਮਿਸਾਲਾਂ, ਪਰਮਾਣਾਂ ਤੇ ਕਸੌਟੀਆਂ ਲਈ ਰਾਖਵੇਂ ਕੀਤੇ ਜਾਂਦੇ ਹਨ। ਗੁਰਬਾਣੀ ਇਹੋ ਜਿਹੇ ਇਨਸਾਨ ਨੂੰ ‘ਵਿਰਲੇ ਕੇਈ ਕੇਇ’ ਦਾ ਰੁਤਬਾ ਬਖ਼ਸ਼ਦੀ ਹੈ।
ਮੈਂ ਇਨ੍ਹਾਂ ਵੀਰਾਂ ਦੀ ਸ਼ਹਾਦਤ ਨੂੰ ਇਸ ਲਈ ਅਦੁੱਤੀ ਆਖਦਾ ਹਾਂ ਕਿਉਂਕਿ ਇਸ ਸ਼ਹਾਦਤ ਦੇ ਸੰਕਲਪ ਪਿਛੇ ਠੋਸ ਕਾਰਨ ਤੇ ਠੋਸ ਗਵਾਹੀਆਂ ਮੌਜੂਦ ਹਨ ਨਾ ਕਿ ਮਨ ਦੀਆਂ ਤਰੰਗਾਂ ਜਾਂ ਕਲਪਨਾਵਾਂ ਨੂੰ ਸ਼ਹਾਦਤ ਦੀ ਵਿਆਖਿਆ ਵਿੱਚ ਅਸੀਂ ਆਪਣਾ ਸਹਾਰਾ ਬਣਾਇਆ ਹੈ। ਇਕ ਠੋਸ ਕਾਰਨ ਤਾਂ ਇਹ ਹੈ ਕਿ ਇਸ ਜੋੜੀ ਵਲੋਂ ਆਪਣੇ ਹੱਥਾਂ ਨਾਲ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਲਿਖੀਆਂ ਚਿੱਠੀਆਂ ਤੇ ਸੁਨੇਹੇ ਮੌਜੂਦ ਹਨ। ਇਨ੍ਹਾਂ ਚਿੱਠੀਆਂ ਵਿਚ ਜਿੱਥੇ ਸਰਬੱਤ ਖ਼ਾਲਸਾ ਦੇ ਸੰਕਲਪ ਦਾ ਦਿਲ ਧੜਕਦਾ ਹੈ ਉਥੇ ਨਾਲ ਹੀ ਇਹ ਚਿੱਠੀਆਂ ਸਰਬੱਤ ਦਾ ਭਲਾ ਵੀ ਮੰਗਦੀਆਂ ਹਨ। ਇਨ੍ਹਾਂ ਚਿੱਠੀਆਂ ਵਿਚ ਘਰਾਂ ਦੇ ਨਿੱਕੇ ਨਿੱਕੇ ਮਸਲੇ ਵੀ ਹਨ ਪਰ ਨਾਲ ਹੀ ਘਰ ਵਾਲਿਆਂ ਨੂੰ ਚੇਤਾਵਨੀਆਂ ਵੀ ਹਨ ਕਿ ਫਾਂਸੀ ਲੱਗਣ ਤੋਂ ਪਿਛੋਂ ਉਨ੍ਹਾਂ ਦਾ ਰਵੱਈਆ ਅਤੇ ਪਹੁੰਚ ਕਿਹੋ ਜਿਹੀ ਹੋਣੀ ਚਾਹੀਦੀ ਹੈ। ਜਿਥੋਂ ਤੱਕ ਮੇਰੀ ਜਾਣਕਾਰੀ ਹੈ, ਫਾਂਸੀ ਦਾ ਰੱਸਾ ਚੁੰਮਣ ਤੋਂ ਪਹਿਲਾਂ ਦੁਨੀਆਂ ਦੇ ਕਿਸੇ ਵੀ ਸ਼ਹੀਦ ਨੇ ਇੰਨੇ ਵਿਸਥਾਰ ਤੇ ਸਪੱਸ਼ਟਤਾ ਵਿਚ ਆਪਣੀ ਕੌਮ ਦੇ ਦਰਦ ਦਾ ਇਜ਼ਹਾਰ ਨਹੀਂ ਕੀਤਾ ਜਿੰਨਾ ਇਸ ਜੋੜੀ ਨੇ ਕਰ ਵਿਖਾਇਆ ਹੈ। ਇਹ ਸੱਚ ਮੁੱਚ ਹੀ ਇਕ ਇਤਿਹਾਸਕ ਚਮਤਕਾਰ ਹੈ।
ਸਾਡੇ ਕੋਲ ਮਨਸੂਰ ਤੇ ਸਰਮੱਦ ਵਰਗੇ ਸ਼ਹੀਦਾਂ ਸਮੇਤ ਪ੍ਰਾਚੀਨ ਸਿੱਖ ਸ਼ਹੀਦਾਂ ਤੋਂ ਇਲਾਵਾ ਮਨਸੂਰ ਤੇ ਆਧੁਨਿਕ ਸ਼ਹੀਦਾਂ-ਜੂਲੀਅਸ ਫੂਚਕ, ਸ਼ਹੀਦ ਭਗਤ ਸਿੰਘ-ਰਾਜ ਗੁਰੂ-ਸੁਖਦੇਵ, ਬਿਸਮਲ, ਸਰਾਭਾ, ਊਧਮ ਸਿੰਘ ਵੀ ਆਪਣੀ ਰੂਹ ਦੇ ਦਰਦ ਦੀਆਂ ਯਾਦਾਂ ਵਿਸਥਾਰ ਵਿਚ ਨਹੀਂ ਪੇਸ਼ ਕਰ ਸਕੇ ਜਿਨ੍ਹਾਂ ਨੂੰ ਅਸੀਂ ਪਹਿਲੇ ਦਰਜੇ ਦੀਆਂ ਦਸਤਾਵੇਜ਼ਾਂ ਦਾ ਨਾਂ ਦੇ ਸਕੀਏ। ਇਥੋਂ ਤੱਕ ਕਿ ਸ਼ਹੀਦ ਭਗਤ ਸਿੰਘ ਦੀਆਂ ਬਹੁਤ ਸਾਰੀਆਂ ਕਥਿਤ ਲਿਖਤਾਂ ਦੀ ਪਰਮਾਣਿਕਤਾ ਅੱਗੇ ਵੀ ਗੰਭੀਰ ਪ੍ਰਸ਼ਨ ਚਿੰਨ੍ਹ ਲੱਗ ਰਹੇ ਹਨ। ਅਸੀਂ ਇਨ੍ਹਾਂ ਸ਼ਹੀਦਾਂ ਦੇ ਰੋਲ, ਕੁਰਬਾਨੀ ਤੇ ਪ੍ਰਭਾਵ ਨੂੰ ਘਟਾ ਕੇ ਨਹੀਂ ਦੇਖ ਰਹੇ, ਅਸੀਂ ਤਾਂ ਸਿਰਫ਼ ਇਹ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਫਾਂਸੀ ਚੜ੍ਹਨ ਤੋਂ ਪਹਿਲਾਂ ਜਿਸ ਤਰ੍ਹਾਂ ਸੁੱਖਾ ਤੇ ਜਿੰਦਾ ਆਪਣੀਆਂ ਹੱਥ ਲਿਖਤਾਂ ਰਾਹੀਂ ਜੋ ਕੁਝ ਕਹਿ ਗਏ ਹਨ ਅਤੇ ਜਿੰਨਾ ਵਿਸਥਾਰ ਨਾਲ ਕਹਿ ਗਏ ਹਨ, ਉਹ ਅੱਜ ਤੱਕ ਕਿਸੇ ਵੀ ਸ਼ਹੀਦ ਦੇ ਹਿੱਸੇ ਨਹੀਂ ਆਇਆ। ਸੁੱਖਾ-ਜਿੰਦਾ ਦੀਆਂ ਚਿੱਠੀਆਂ ਉਨ੍ਹਾਂ ਦੀ ਆਪਣੀ ਹੱਥ ਲਿਖਤ ਵਿਚ ਬਕਾਇਦਾ ਸਾਡੇ ਕੋਲ ਮੌਜੂਦ ਹਨ ਅਤੇ ਇਹ ਚਿੱਠੀਆਂ ਸਾਰੀ ਦੁਨੀਆਂ ਦੇ ਸ਼ਹੀਦਾਂ ਦਾ ਅਨਮੋਲ ਵਿਰਸਾ ਹੈ ਕਿਉਂਕਿ ਦੋਵਾਂ ਨੌਜਵਾਨਾਂ ਨੇ ਖ਼ਾਲਸਾ ਪੰਥ ਦੇ ਦਰਦ ਰਾਹੀਂ ਸਾਰੀ ਦੁਨੀਆਂ ਦੇ ਨਿਆਸਰਿਆਂ ਅਤੇ ਨਿਓਟਿਆਂ ਨਾਲ ਆਪਣੀਆਂ ਪਿਆਰ ਭਰੀਆਂ ਤੇ ਗੂੜ੍ਹੀਆਂ ਸਾਂਝਾਂ ਦਾ ਹੈਰਾਨਜਨਕ ਪ੍ਰਗਟਾਵਾ ਕੀਤਾ ਹੈ। – ਕਰਮਜੀਤ ਸਿੰਘ ਚੰਡੀਗੜ੍ਹ