ਅਟਾਰੀ ਵਾਲਾ ਸਰਦਾਰ Sardar Sham Singh Attari | 10 ਫਰਵਰੀ 1846 | Surkhab TV

ਸਿੱਖ ਧਰਮ ਵਿੱਚ ਜਿਥੇ ਸੂਰਮੇ ਪੈਦਾ ਹੋਏ, ਉਥੇ ਗਦਾਰਾਂ ਦੀ ਵੀ ਘਾਟ ਨਹੀਂ..ਖਾਲਸਾ ਰਾਜ ਦੇ ਸਮੇ ਦੀ ਯਾਦ ਆਉਂਦਿਆਂ ਹੀ ਨਮਕ-ਹਰਾਮੀ ਵਜ਼ੀਰ ਧਿਆਨ ਸਿੰਹੁ ਡੋਗਰੇ ਦੀ ਗਦਾਰੀ ਅੱਖਾਂ ਸਾਹਮਣੇ ਆ ਜਾਂਦੀ ਹੈ, ਜਿਸ ਦੀ ਮਾੜੀ ਨੀਤੀ ਸਿੱਖ ਰਾਜ ਦੀ ਪਿੱਠ ਵਿਚ ਗ਼ਦਾਰੀ ਦਾ ਛੁਰਾ ਮਾਰ ਗਈ | ਇਥੇ ਹੀ ਬੱਸ ਨਹੀਂ ਡੋਗਰੇ ਵੀ ਗਦਾਰੀ ਕਰ ਗਏ | ਸਿੱਖਾਂ ਦੀਆਂ ਅੰਗਰੇਜ਼ਾਂ ਨਾਲ ਹੋਈਆਂ ਲੜਾਈਆਂ (ਮੁੱਦਕੀ, ਫੇਰੂਮਾਨ, ਬੱਦੋਵਾਲ ਅਤੇ ਆਲੀਵਾਲ) ਵਿੱਚ ਡੋਗਰਿਆਂ ਨੇ ਹੀ ਗਦਾਰੀ ਕੀਤੀ ਸੀ ਅਤੇ ਅੱਜ ਸਿੱਖ ਕੌਮ ਹਾਰ ਗਈ ਸੀ | ਜੇਕਰ ਸਰਦਾਰ ਅਟਾਰੀ ਵਾਲੇ ਬਾਰੇ ਹੋਰ ਗੱਲ ਕਰੀਏ ਤਾਂ ਸਰਦਾਰ ਸ਼ਾਮ ਸਿੰਘ ਸਿੱਖ ਰਾਜ ਦੇ ਮਹਾਨ ਜਰਨੈਲ ਸਨ। ਇਨ੍ਹਾਂ ਦਾ ਖਾਨਦਾਨ ਜੈਸਲਮੇਰ ਦੇ ਭੱਟੀ ਰਾਜਪੂਤਾਂ ਨਾਲ ਸਬੰਧ ਰੱਖਦਾ ਹੈ। ਇਨ੍ਹਾਂ ਦੇ ਵਡੇਰੇ ਦਾ ਨਾਂ ਕਾਹਨ ਚੰਦ ਸੀ ਅਤੇ ਉਸ ਦੇ ਦੋ ਪੁੱਤਰ ਕੌਰਾ ਤੇ ਗੌਰਾ ਸਨ। ਪੰਜਾਬ ਆ ਕੇ ਇਨ੍ਹਾਂ ਜਗਰਾਵਾਂ ਲਾਗੇ ਪਿੰਡ ਕਾਉਂਕੇ ਵਸਾਇਆ ਜਿਸ ਨੂੰ ਅੱਜ ਕੱਲ੍ਹ ਕਾਉਂਕੇ ਕਲਾਂ ਕਹਿੰਦੇ ਹਨ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਸਿੱਖ ਰਾਜ ਹੌਲੀ ਹੌਲੀ ਡੋਗਰਿਆਂ ਦੀਆਂ ਗੱਦਾਰੀਆਂ ਦੀ ਭੇਟ ਚੜਨ ਲੱਗਾ| ਅਖੀਰ ਵਿਚ ਸਿੱਖ ਫੌਜਾਂ ਦੀ ਵਾਗਡੋਰ ਸਾਂਭਣ ਵਾਲਾ ਜਦੋਂ ਕੋਈ ਨਾ ਰਿਹਾ ਤਾਂ ਮਹਾਰਾਣੀ ਜਿੰਦ ਕੌਰ ਨੇ ਸ. ਸ਼ਾਮ ਸਿੰਘ ਅਟਾਰੀ ਵਾਲੇ ਨੂੰ ਚਿੱਠੀ ਲਿਖੀ ਕਿ ਫੌਜਾਂ ਦੀ ਵਾਗਡੋਰ ਸਾਂਭੋ ਚਿੱਠੀ ਵਿਚ ਜਦੋਂ ਸਿੱਖਾਂ ਦੀ ਹਾਰ ਅਤੇ ਗ਼ਦਾਰਾਂ ਦੀ ਗ਼ਦਾਰੀ ਬਾਰੇ ਸਰਦਾਰ ਨੇ ਪੜ੍ਹਿਆ ਤਾਂ ਸਰਦਾਰ ਦਾ ਚਿਹਰਾ ਲਾਲ ਹੋ ਗਿਆ, ਡੌਲ਼ੇ ਫਰਕੇ | ਮਾਝੇ ਦੇ ਪਿੰਡਾਂ ਤੋਂ ਹੋਰ ਸਿੰਘ ਨਾਲ ਲੈ ਕੇ ਅਟਾਰੀ ਤੋਂ ਅਰਦਾਸ ਕੀਤੀ ਕਿ ਜਾਂ ਤਾਂ ਰਣ-ਮੈਦਾਨ ਵਿਚ ਜਿੱਤ ਕੇ ਆਵੇਗਾ ਜਾਂ ਸ਼ਹੀਦੀ ਪਾਵੇਗਾ | ਕਹਿਣੀ ਤੇ ਕਰਨੀ ਦਾ ਧਨੀ ਸੂਰਮਾ 9 ਫਰਵਰੀ, 1846 ਨੂੰ ਸਭਰਾਵਾਂ ਦੇ ਮੈਦਾਨ ਵਿਚ ਆ ਪੁੱਜਾ | ਸਤਲੁਜ ਦਰਿਆ ਪਾਰ ਕਰ ਕੇ 10 ਫਰਵਰੀ ਨੂੰ ਲੜਾਈ ਆਰੰਭ ਹੋ ਗਈ | ਪਰ ਫਿਰ ਗ਼ਦਾਰ ਤੇਜਾ ਸਿੰਹੁ ਤੇ ਲਾਲ ਸਿੰਹੁ ਨੇ ਐਨ ਉਸ ਵੇਲੇ ਗ਼ਦਾਰੀ ਕੀਤੀ ਜਦੋਂ ਸਿੱਖ ਫੌਜ ਨੇ ਅੰਗਰੇਜ਼ਾਂ ਦੀ ਫੌਜ ਨੂੰ ਮੋਰਚਿਆਂ ਵਿੱਚੋਂ ਭਜਾ ਦਿੱਤਾ ਸੀ | ਸਿੱਖ ਫੌਜਾਂ ਦੀ ਜਿੱਤ ਹੋ ਚੁੱਕੀ ਸੀ ਪਰ ਇਨ੍ਹਾਂ ਗ਼ਦਾਰਾਂ ਨੇ ਸਿੱਖ ਫੌਜਾਂ ਦਾ ਬਰੂਦ ਅਸਲਾ ਬੰਦ ਕਰ ਦਿੱਤਾ ਅਤੇ ਸਤਲੁਜ ਦਰਿਆ ’ਤੇ ਬਣਿਆ ਬੇੜੀਆਂ ਦਾ ਪੁਲ ਤੋੜ ਦਿੱਤਾ | ਅਖੀਰ ਵਿਚ ਸਰਦਾਰ ਸ਼ਾਮ ਸਿੰਘ ਨੇ ਨਾਲ ਦੇ ਸਾਥੀਆਂ ਨੂੰ ਲਲਕਾਰਾ ਮਾਰ ਕੇ ਤਲਵਾਰਾਂ ਸੂਤ ਕੇ ਅੰਗਰੇਜ਼ਾਂ ਦੀ ਫੌਜ ਉਂਤੇ ਹਮਲਾ ਕੀਤਾ | ਅੰਤ 10 ਫਰਵਰੀ, 1846 ਈ. ਦੀ ਸ਼ਾਮ ਨੂੰ ਉਧਰ ਸੂਰਜ ਡੁੱਬ ਗਿਆ, ਇਧਰ ਸਿੱਖ ਰਾਜ ਦਾ ਆਖਰੀ ਥੰਮ੍ਹ ਸ. ਸ਼ਾਮ ਸਿੰਘ ਅਟਾਰੀ ਵਾਲਾ ਧਰਤੀ ’ਤੇ ਗੋਲੀਆਂ ਖਾ ਕੇ ਡਿੱਗ ਪਿਆ ਤੇ ਸ਼ਹੀਦੀ ਪ੍ਰਾਪਤ ਕਰ ਗਿਆ । ਸਰਦਾਰ ਨੇ ਜੰਗ ਵਿਚ ਐਸੀ ਬਹਾਦਰੀ ਦਿਖਾਈ ਕਿ ਅੰਗਰੇਜ਼ ਫੌਜਾਂ ਦੇ ਥੰਮ੍ਹ ਹਿਲਾ ਕੇ ਰੱਖ ਦਿੱਤੇ | ਜੇਕਰ ਗ਼ਦਾਰ ਗ਼ਦਾਰੀ ਨਾ ਕਰਦੇ ਤਾਂ ਸਾਡਾ ਸਿੱਖ ਰਾਜ ਹੋਰ ਵੀ ਚੜਦੀ ਕਲਾ ਵਿੱਚ ਹੋਣਾ ਸੀ | ਇਸ ਤਰਾਂ ਸਿੱਖ ਰਾਜ ਦਾ ਆਖਰੀ ਥੰਮ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਸਭਰਾਵਾਂ ਦੇ ਮੈਦਾਨ ਵਿਚ ਸਿੱਖ ਰਾਜ ਖ਼ਾਤਰ ਆਪਾ ਵਾਰ ਗਿਆ।